ਚੰਡੀਗੜ੍ਹ | ਪੰਜਾਬ ਅਤੇ ਹਰਿਆਣਾ ਹਾਈਕੋਰਟ ਨੇ ਇਕ ਅਹਿਮ ਫੈਸਲੇ ‘ਚ ਸਪੱਸ਼ਟ ਕੀਤਾ ਹੈ ਕਿ ਪਤਨੀ ਦਾ ਹੱਤਿਆ ‘ਚ ਦੋਸ਼ੀ ਪਤੀ ਦਾਜ ਦਾ ਸਾਮਾਨ ਰੱਖਣ ਦਾ ਹੱਕਦਾਰ ਨਹੀਂ ਹੈ। ਜਸਟਿਸ ਐਮਐਸ ਰਾਮਚੰਦਰ ਰਾਓ ਅਤੇ ਜਸਟਿਸ ਸੁਖਵਿੰਦਰ ਕੌਰ ਦੀ ਖੰਡਪੀਠ ਨੇ ਫੈਸਲੇ ‘ਚ ਕਿਹਾ ਕਿ ਸੁਪਰੀਮ ਕੋਰਟ ਨੇ ਇਕ ਮਾਮਲੇ ‘ਚ ਪਤਨੀ ਦੀ ਹੱਤਿਆ ਦੇ ਆਰੋਪ ਤੋਂ ਦੋਸ਼ ਮੁਕਤ ਪਤੀ ਨੂੰ ਦਾਜ ਦਾ ਸਾਮਾਨ ਨਾ ਦੇ ਕੇ ਮ੍ਰਿਤਕਾ ਦੇ ਪਿਤਾ ਨੂੰ ਸਾਮਾਨ ਦੇ ਦਿੱਤਾ ਸੀ। ਮੌਜੂਦਾ ਮਾਮਲੇ ‘ਚ ਪਤੀ ਤਾਂ ਪਤਨੀ ਦੀ ਹੱਤਿਆ ਦੇ ਮਾਮਲੇ ‘ਚ ਦੋਸ਼ੀ ਸਾਬਤ ਹੋਣ ਤੋਂ ਬਾਅਦ ਸਜ਼ਾ ਕੱਟ ਰਿਹਾ ਹੈ। ਇਸੇ ‘ਚ ਦਾਜ ਦਾ ਸਾਮਾਨ ਰੱਖਣ ਦਾ ਹੱਕਦਾਰ ਨਹੀਂ ਹੈ। ਹਾਈਕੋਰਟ ਨੇ ਇਸ ਸਬੰਧੀ ਫਾਜ਼ਿਲਕਾ ਦੀ ਟਰਾਇਲ ਕੋਰਟ ਦੇ ਫੈਸਲੇ ਨੂੰ ਸਹੀ ਠਹਿਰਾਉਂਦੇ ਹੋਏ ਫੈਸਲੇ ਦੇ ਖਿਲਾਫ ਅਪੀਲ ਨੂੰ ਖਾਰਿਜ ਕਰ ਦਿੱਤਾ ਹੈ।

ਪਤੀ ਵਲੋਂ ਅਪੀਲ ਦਾਇਰ ਕਰ ਕੇ ਫਾਜ਼ਿਲਕਾ ਦੀ ਕੋਰਟ ਦੇ ਫੈਸਲੇ ਨੂੰ ਖਾਰਿਜ ਕਰਨ ਦੀ ਮੰਗ ਕੀਤੀ ਗਈ ਸੀ, ਜਿਸ ‘ਚ ਵਿਆਹ ‘ਚ ਦਿੱਤਾ ਗਿਆ ਸਾਮਾਨ ਸੋਨੇ ਦੇ ਗਹਿਣੇ ਅਤੇ ਹੋਰ ਸਾਮਾਨ ਮ੍ਰਿਤਕਾ ਦੇ ਪਿਤਾ ਨੂੰ ਦੇ ਦਿੱਤਾ ਗਿਆ ਸੀ। ਹਾਈਕੋਰਟ ‘ਚ ਇਹ ਪਟੀਸ਼ਨ ਦਾਇਰ ਕਰ ਕੇ ਕਿਹਾ ਗਿਆ ਕਿ ਇਹ ਸਾਮਾਨ ਉਨ੍ਹਾਂ ਦੇ ਘਰ ਤੋਂ ਬਰਾਮਦ ਕੀਤਾ ਗਿਆ ਹੈ। ਇਸ ਲਈ ਇਸ ਸਾਮਾਨ ‘ਤੇ ਉਨ੍ਹਾਂ ਦਾ ਅਧਿਕਾਰ ਹੈ, ਲਿਹਾਜ਼ਾ ਫਾਜ਼ਿਲਕਾ ਕੋਰਟ ਦੇ ਇਸ ਫੈਸਲੇ ਨੂੰ ਖਾਰਿਜ ਕੀਤਾ ਜਾਵੇ। ਮ੍ਰਿਕਤਾ ਦੇ ਪਿਤਾ ਨੇ ਪੁਲਿਸ ਨੂੰ ਦਿੱਤੀ ਸ਼ਿਕਾਇਤ ‘ਚ ਕਿਹਾ ਕਿ ਧੀ ਦੇ ਵਿਆਹ ਤੋਂ ਕੁਝ ਸਮੇਂ ਬਾਅਦ ਹੀ ਦਾਜ ਦੀ ਮੰਗ ਸ਼ੁਰੂ ਹੋ ਗਈ। ਘੱਟ ਦਾਜ ਲਿਆਉਣ ‘ਤੇ ਉਸ ਦੀ ਧੀ ਨੂੰ ਰੋਜ਼ ਤਾਣੇ ਮਾਰੇ ਜਾਂਦੇ ਸੀ ਅਤੇ ਅਕਸਰ ਉਸ ਦੀ ਕੁੱਟਮਾਰ ਕੀਤੀ ਜਾਂਦੀ ਸੀ। ਹੱਤਿਆ ਦੇ ਦਿਨ ਵੀ ਧੀ ਦਾ ਫੋਨ ਆਇਆ ਸੀ ਕਿ ਉਸ ਦੇ ਪਤੀ ਵਲੋਂ ਗੱਡੀ ਅਤੇ 10 ਲੱਖ ਰੁਪਏ ਦੀ ਮੰਗ ਕੀਤੀ ਜਾ ਰਹੀ ਹੈ, ਨਾਲ ਹੀ ਪ੍ਰਾਪਰਟੀ ਧੀ ਦੇ ਨਾਮ ਕਰਨ ਲਈ ਦਬਾਅ ਬਣਾਇਆ ਜਾ ਰਿਹਾ ਹੈ।

ਦੱਸਣਯੋਗ ਹੈ ਕਿ ਫਾਜ਼ਿਲਕਾ ਦੀ ਅਦਾਲਤ ਨੇ ਇਸ ਮਾਮਲੇ ‘ਚ ਆਰੋਪੀ ਸੰਦੀਪ ਤੋਮਰ ਨੂੰ ਪਤਨੀ ਦੀ ਹੱਤਿਆ ਦਾ ਦੋਸ਼ੀ ਠਹਿਰਾਉਂਦੇ ਹੋਏ ਉਸ ਨੂੰ ਉਮਰ ਕੈਦ ਦੀ ਸਜ਼ਾ ਸੁਣਾਈ ਸੀ, ਨਾਲ ਹੀ 10 ਹਜ਼ਾਰ ਰੁਪਏ ਜ਼ੁਰਮਾਨਾ ਲਗਾਇਆ ਸੀ। ਸਜ਼ਾ ਦੇ ਖਿਲਾਫ ਹਾਈਕੋਰਟ ‘ਚ ਅਪੀਲ ਦਾਇਰ ਕੀਤੀ ਗਈ ਹੈ, ਜੋ ਵਿਚਾਰ ਅਧਿਨ ਹੈ।