ਨਵੀਂ ਦਿੱਲੀ, 18 ਦਸੰਬਰ | ਸੰਸਦ ਦੀ ਸੁਰੱਖਿਆ ਵਿਚ ਕੁਤਾਹੀ ਨੂੰ ਲੈ ਕੇ ਅੱਜ ਵਿਰੋਧੀ ਧਿਰ ਆਪਣੀ ਮੰਗ ਨੂੰ ਲੈ ਕੇ ਅੜੇ ਰਹੇ। ਇਸ ਨੂੰ ਲੈ ਕੇ ਲੋਕ ਸਭਾ ਤੇ ਰਾਜ ਸਭਾ ਵਿਚ ਕਾਫੀ ਹੰਗਾਮਾ ਹੋਇਆ। ਇਸ ਵਿਚ ਲੋਕ ਸਭਾ ਸਪੀਕਰ ਨੇ ਪੰਜਾਬ ਤੋਂ ਐੱਮਪੀ ਅਮਰ ਸਿੰਘ ਸਣੇ 30 ਸਾਂਸਦਾਂ ਨੂੰ ਲੋਕ ਸਭਾ ਦੇ ਸਰਦ ਰੁੱਤ ਸੈਸ਼ਨ ਤੋਂ ਮੁਅੱਤਲ ਕਰ ਦਿੱਤਾ। 3 ਸਾਂਸਦਾਂ ਨੂੰ ਵਿਸ਼ੇਸ਼ ਅਧਿਕਾਰ ਸੰਮਤੀ ਦੀ ਰਿਪੋਰਟ ਆਉਣ ਤੱਕ ਮੁਅੱਤਲ ਕੀਤਾ ਗਿਆ। ਦੱਸ ਦਈਏ ਕਿ 13 ਸਾਂਸਦਾਂ ਨੂੰ ਪਹਿਲਾਂ ਹੀ ਪੂਰੇ ਸੈਸ਼ਨ ਲਈ ਮੁਅੱਤਲ ਕੀਤਾ ਜਾ ਚੁੱਕਾ ਹੈ।

ਅਧੀਰ ਰੰਜਨ ਚੌਧਰੀ ਤੋਂ ਇਲਾਵਾ ਅਪੂਰਵਾ ਪੋਦਾਰ, ਪ੍ਰਸੂਨ ਬਨਰਜੀ, ਮੁਹੰਮਦ ਵਸੀਰ, ਜੀ ਸੇਲਵਮ, ਸੀਐਨ ਅੰਨਾਦੁਰਾਈ, ਡਾ ਟੀ ਸੁਮਤੀ, ਕੇ ਨਵਸਕਾਨੀ, ਕੇ ਵੀਰਸਵਾਮੀ, ਐਨ ਕੇ ਪ੍ਰੇਮਚੰਦਰਨ, ਸੌਗਤ ਰਾਏ, ਸ਼ਤਾਬਦੀ ਰਾਏ, ਅਸਿਥ ਕੁਮਾਰ ਮਲ, ਕੌਸ਼ਲੇਂਦਰ ਕੁਮਾਰ, ਐਨਟੋ ਐਂਟਨੀ, ਐਸ ਐਸ ਪਲਨਾਮਨਿਕਮ, ਤਿਰੂਵਰੁਸਕਰ, ਕਾਕੋਲੀ ਘੋਸ਼, ਕੇ ਮੁਰਲੀਧਰਨ, ਸੁਨੀਲ ਕੁਮਾਰ ਮੰਡਲ, ਐਸ ਰਾਮ ਲਿੰਗਮ, ਕੇ ਸੁਰੇਸ਼, ਅਮਰ ਸਿੰਘ, ਰਾਜਮੋਹਨ ਉਨੀਥਨ, ਗੌਰਵ ਗੋਗੋਈ ਅਤੇ ਟੀ ​​ਆਰ ਬਾਲੂ ਨੂੰ ਮੁਅੱਤਲ ਕਰ ਦਿੱਤਾ ਗਿਆ।

ਇਹ 30 ਸਾਂਸਦ ਹੰਗਾਮੇ ਕਾਰਨ ਸਸਪੈਂਡ ਹੋਏ ਹਨ। ਕਿੰਨ ਕੇ. ਜੈਕੁਮਾਰ, ਵਿਜੇ ਵਸੰਤ ਤੇ ਅਬਦੁੱਲ ਖਾਲਿਕ ਨੂੰ ਵਿਸ਼ੇਸ਼ ਅਧਿਕਾਰੀ ਦੀ ਰਿਪੋਰਟ ਆਉਣ ਤੱਕ ਮੁਅੱਤਲ ਕੀਤਾ ਗਿਆ ਹੈ। ਦਰਅਸਲ ਵਿਰੋਧੀ ਧਿਰ ਲਗਾਤਾਰ ਲੋਕ ਸਭਾ ਦੀ ਸੁਰੱਖਿਆ ਵਿਚ ਕੁਤਾਹੀ ਦੇ ਮਾਮਲੇ ਵਿਚ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਤੋਂ ਦੋਵੇਂ ਸਦਨਾਂ ਵਿਚ ਬਿਆਨ ਦੇਣ ਦੀ ਮੰਗ ਕਰ ਰਹੇ ਹਨ। ਅਧੀਰ ਰੰਜਨ ਚੌਧਰੀ ਨੇ ਕਿਹਾ ਕਿ ਜੋ ਬਿਆਨ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਟੀਵੀ ਵਿਚ ਦੇ ਰਹੇ ਹਨ, ਉਹ ਅਸੀਂ ਚਾਹੁੰਦੇ ਹਾਂ ਕਿ ਸਦਨ ਵਿਚ ਦੇਣ।