ਪਟਿਆਲਾ/ਸਨੌਰ, 19 ਫਰਵਰੀ | ਸ਼ੰਭੂ ਬਾਰਡਰ ’ਤੇ ਸੰਯੁਕਤ ਕਿਸਾਨ ਮੋਰਚੇ (ਗੈਰ-ਰਾਜਨੀਤਕ) ਦੇ ਸੱਦੇ ’ਤੇ ਕਿਸਾਨ ਅੰਦੋਲਨ ਅੱਜ 6ਵੇਂ ਦਿਨ ਵੀ ਪੂਰੇ ਜ਼ੋਰਾਂ-ਸ਼ੋਰਾਂ ਨਾਲ ਜਾਰੀ ਰਿਹਾ। ਇਸ ਮੌਕੇ ਪ੍ਰੈੱਸ ਕਾਨਫਰੰਸ ਦੌਰਾਨ ਭਾਕਿਯੂ ਏਕਤਾ ਸਿੱਧੂਪੁਰ ਦੇ ਪ੍ਰਧਾਨ ਜਗਜੀਤ ਸਿੰਘ ਡੱਲੇਵਾਲ ਨੇ ਕਿਹਾ ਕਿ ਅਸੀਂ ਕੇਂਦਰ ਸਰਕਾਰ ਨੂੰ ਕਹਿਣਾ ਚਾਹੁੰਦੇ ਹਾਂ ਕਿ ਇਕ ਪਾਸੇ ਸਰਕਾਰ ਗੱਲਬਾਤ ਰਾਹੀਂ ਮਸਲੇ ਦਾ ਹੱਲ ਕਰਨ ਦੀ ਗੱਲ ਕਰ ਰਹੀ ਹੈ ਪਰ ਦੂਜੇ ਪਾਸੇ ਬਾਰਡਰ ’ਤੇ ਸੁਰੱਖਿਆ ਲਈ ਲਾਈ ਪੁਲਿਸ ਨੇ ਤਾਂ ਆਪਣਾ ਕੰਮ ਕਰਨਾ ਹੀ ਹੈ ਪਰ ਉਥੇ ਅਜਿਹੇ ਵਿਅਕਤੀ ਵੀ ਤਾਇਨਾਤ ਹਨ, ਜਿਨ੍ਹਾਂ ਦੇ ਨਾ ਤਾਂ ਨਾਮ ਪਲੇਟ ਹੈ ਅਤੇ ਨਾ ਹੀ ਉਹ ਮੁਲਾਜ਼ਮ ਲੱਗਦੇ ਹਨ। ਇਸ ਤੋਂ ਜਾਪਦਾ ਹੈ ਕਿ ਸਰਕਾਰ ਦੀ ਨੀਅਤ ਠੀਕ ਨਹੀਂ ਹੈ।

ਉਨ੍ਹਾਂ ਕਿਹਾ ਕਿ ਜੇਕਰ ਚੋਣ ਜ਼ਾਬਤਾ ਲੱਗ ਗਿਆ ਤਾਂ ਅਸੀਂ ਘਰਾਂ ਨੂੰ ਜਾਣ ਵਾਲੇ ਨਹੀਂ ਹਾਂ। ਅਸੀਂ ਪੂਰੀ ਤਰ੍ਹਾਂ ਬਿਨਾਂ ਰਾਜਨੀਤੀ ਦੇ ਆਪਣੀਆਂ ਮੰਗਾਂ ਮਨਵਾਉਣ ਦੀ ਗੁਹਾਰ ਲਗਾ ਰਹੇ ਹਾਂ। ਕੇਂਦਰ ਸਰਕਾਰ ਚੋਣ ਜ਼ਾਬਤਾ ਲੱਗਣ ਤੋਂ ਪਹਿਲਾਂ ਮੰਗਾਂ ਦਾ ਹੱਲ ਕੱਢੇ ਤਾਂ ਜੋ ਕਿਸਾਨਾਂ ਨੂੰ ਪ੍ਰੇਸ਼ਾਨੀ ਨਾ ਝੱਲਣੀ ਪਵੇ।

ਉਨ੍ਹਾਂ ਕਿਹਾ ਕਿ ਕਿਸਾਨਾਂ ਦੇ ਸਿਰ ’ਤੇ 18 ਲੱਖ ਕਰੋੜ ਦਾ ਕਰਜ਼ਾ ਹੈ, ਜਿਸ ਨੂੰ ਉਤਾਰਨ ਦੀ ਗੱਲ ਨਹੀਂ ਕੀਤੀ ਜਾਂਦੀ। ਜੇਕਰ ਮੀਟਿੰਗ ’ਚ ਕੋਈ ਹੱਲ ਨਾ ਨਿਕਲਿਆ ਤਾਂ ਦਿੱਲੀ ਕੂਚ ਕਰਨ ਦਾ ਐਲਾਨ ਪਹਿਲਾਂ ਵਾਂਗ ਕਾਇਮ ਹੈ। ਕੇਂਦਰ ਸਰਕਾਰ ਜਾਂ ਤਾਂ ਸਾਡੀਆਂ ਮੰਗਾਂ ਦਾ ਹੱਲ ਕਰੇ ਜਾਂ ਦਿੱਲੀ ਵਿਖੇ ਰੋਸ ਧਰਨੇ ਲਈ ਜਗ੍ਹਾ ਦਾ ਪ੍ਰਬੰਧ ਕਰਕੇ ਦੇਵੇ।

ਤੁਸੀਂ ਦੇਖਿਆ ਹੈ ਕਿ ਹਰਿਆਣਾ ਵਿਖੇ ਕਿਸਾਨਾਂ ਦੇ ਘਰਾਂ ’ਤੇ ਛਾਪੇਮਾਰੀ ਕੀਤੀ ਗਈ ਪਰ ਇਸ ਸਭ ਤੋਂ ਬਾਅਦ ਹੁਣ ਇਹ ਲਹਿਰ ਉੱਠ ਚੁੱਕੀ ਹੈ ਤੇ ਕਿਸਾਨਾਂ ਵੱਲੋਂ ਟਰੈਕਟਰ ਮਾਰਚ, ਬਾਰਡਰਾਂ ’ਤੇ ਪੱਕੇ ਰੋਸ ਧਰਨੇ, ਪੰਚਾਇਤਾਂ ਦੇ ਨਾਲ ਮੀਟਿੰਗਾਂ ਆਦਿ ਕੀਤੀਆਂ ਜਾ ਰਹੀਆਂ ਹਨ। ਇਸ ਤਾਨਾਸ਼ਾਹੀ ਰਵੱਈਏ ਦੇ ਬਾਵਜੂਦ ਹਰਿਆਣਾ ਦਾ ਕਿਸਾਨ ਪੰਜਾਬ ਦੀਆਂ ਕਿਸਾਨ ਜਥੇਬੰਦੀਆਂ ਨਾਲ ਖੜ੍ਹਾ ਹੈ। ਇਸ ਮੌਕੇ ਭਾਰਤੀ ਕਿਸਾਨ ਮਜ਼ਦੂਰ ਯੂਨੀਅਨ ਪੰਜਾਬ ਦੇ ਰਾਸ਼ਟਰੀ ਪ੍ਰਧਾਨ ਮਨਜੀਤ ਸਿੰਘ ਘੁਮਾਣਾ, ਸਕੱਤਰ ਬਲਕਾਰ ਸਿੰਘ ਬੈਂਸ, ਪ੍ਰੈੱਸ ਸਕੱਤਰ ਜਸਵੀਰ ਸਿੰਘ ਚੰਦੂਆ, ਮੀਤ ਪ੍ਰਧਾਨ ਦਲਜੀਤ ਸਿੰਘ ਚਮਾਰੂ ਸਮੇਤ ਹੋਰ ਹਾਜ਼ਰ ਸਨ।