ਬਠਿੰਡਾ : ਸੂਬੇ ‘ਚ 2022 ਦੀਆਂ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਸਿਆਸੀ ਲਾਹਾ ਲੈਣ ਲਈ ਕਾਂਗਰਸ ਸਰਕਾਰ ਵੱਲੋਂ ਬਣਾਏ ਗਏ ਆਟਾ-ਦਾਲ ਦੇ ਕਾਰਡਾਂ ਦੀ ਹੁਣ ਫਿਰ ਤੋਂ ਜਾਂਚ ਕੀਤੀ ਜਾਵੇਗੀ। ਵੈਰੀਫਿਕੇਸ਼ਨ ਦਾ ਕੰਮ ਪੂਰਾ ਹੋਣ ਤਕ ਨਵੇਂ ਕਾਰਡ ਨਹੀਂ ਬਣਨਗੇ।
ਪੁਰਾਣੇ ਕਾਰਡਾਂ ‘ਚ ਵੀ ਨਵੇਂ ਮੈਂਬਰ ਜੋੜਨ ’ਤੇ ਰੋਕ ਲਾ ਦਿੱਤੀ ਗਈ ਹੈ। ਬਠਿੰਡਾ ਵਿਚ ਫੂਡ ਸਪਲਾਈ ਵਿਭਾਗ ਦੇ ਦਫਤਰ ‘ਚ ਇਸ ਸਬੰਧੀ ਨੋਟਿਸ ਵੀ ਲਗਾ ਦਿੱਤਾ ਗਿਆ ਹੈ। ਏਐੱਸਐੱਫਓ ਸੰਜੀਵ ਭਾਟੀਆ ਦਾ ਕਹਿਣਾ ਹੈ ਕਿ ਵਿਭਾਗੀ ਹਦਾਇਤਾਂ ਅਨੁਸਾਰ ਕੰਮ ਬੰਦ ਕੀਤਾ ਗਿਆ ਹੈ।
ਸੂਬੇ ‘ਚ ਚੋਣਾਂ ਤੋਂ ਪਹਿਲਾਂ ਜ਼ਿਲ੍ਹੇ ਦੇ ਹਰੇਕ ਹਲਕੇ ‘ਚ ਹਜ਼ਾਰਾਂ ਦੀ ਗਿਣਤੀ ‘ਚ ਕਾਰਡ ਬਣਾਏ ਗਏ। ਇਸ ਦੇ ਲਈ ਕਾਂਗਰਸੀ ਆਗੂਆਂ ਨੇ ਵੀ ਇਕਜੁਟ ਹੋ ਕੇ ਕੰਮ ਕੀਤਾ। ਅਜਿਹਾ ਕਰ ਕੇ ਕਾਂਗਰਸੀ ਆਪਣਾ ਵੋਟ ਬੈਂਕ ਮਜ਼ਬੂਤ ਕਰਨਾ ਚਾਹੁੰਦੇ ਸਨ।
ਦੂਸਰੇ ਪਾਸੇ ਜ਼ਿਲ੍ਹੇ ‘ਚ ਇਸ ਵੇਲੇ 2.11 ਲੱਖ ਕਾਰਡਧਾਰਕ ਹਨ ਜਿਨ੍ਹਾਂ ਲਈ ਡਿਪੂਆਂ ‘ਤੇ ਸਸਤਾ ਅਨਾਜ ਮੁਹੱਈਆ ਕਰਵਾਇਆ ਜਾਂਦਾ ਹੈ।
ਫਿਲਹਾਲ ਨਵੇਂ ਕਾਰਡ ਬਣਾਏ ਜਾਣ ‘ਤੇ ਰੋਕ ਲਗਾਉਣ ਨੂੰ ਲੈ ਕੇ ਏਐੱਫਐੱਸਓ ਸੰਜੀਵ ਭਾਟੀਆ ਦਾ ਕਹਿਣਾ ਹੈ ਕਿ ਵਿਭਾਗ ਦੀਆਂ ਹਦਾਇਤਾਂ ਅਨੁਸਾਰ ਕੰਮ ਬੰਦ ਕੀਤਾ ਗਿਆ ਹੈ। ਉਨ੍ਹਾਂ ਨੂੰ ਜਦੋਂ ਨਵੇਂ ਕਾਰਡ ਬਣਾਉਣ ਦਾ ਹੁਕਮ ਮਿਲੇਗਾ ਤਾਂ ਕੰਮ ਸ਼ੁਰੂ ਕਰ ਦਿੱਤਾ ਜਾਵੇਗਾ। ਫਿਲਹਾਲ ਪੁਰਾਣੇ ਕਾਰਡ ਧਾਰਕਾਂ ਨੂੰ ਹੀ ਸਹੂਲਤ ਦਿੱਤੀ ਜਾ ਰਹੀ ਹੈ ਜਦਕਿ ਪੁਰਾਣੇ ਕਾਰਡਾਂ ਦੀ ਜਾਂਚ ਨੂੰ ਲੈ ਕੇ ਹਾਲੇ ਤਕ ਕੋਈ ਸਥਿਤੀ ਸਪੱਸ਼ਟ ਨਹੀਂ ਹੈ।