ਮੋਹਾਲੀ | ਪੁਲਿਸ ਵਿਭਾਗ ਨੇ ਵਾਹਨਾਂ ‘ਤੇ ਹਥਿਆਰਾਂ ਅਤੇ ਅਲੱਗ-ਅਲੱਗ ਵਿਭਾਗਾਂ ਦੇ ਸਟਿੱਕਰ ਲਗਾਉਣ ਨੂੰ ਲੈ ਕੇ ਸਖ਼ਤ ਪਾਬੰਦੀ ਲਗਾਉਣ ਦੀ ਤਿਆਰੀ ਕਰ ਲਈ ਹੈ। ਇਸ ਸਬੰਧੀ ਨਵੀਆਂ ਹਦਾਇਤਾਂ ਜਾਰੀ ਕੀਤੀਆਂ ਗਈਆਂ ਹਨ। ਜ਼ਿਲ੍ਹਿਆਂ ਦੇ ਅਧਿਕਾਰੀਆਂ ਨੂੰ ਨਿਰਦੇਸ਼ ਦਿੱਤੇ ਗਏ ਹਨ ਕਿ ਰੋਕ ਦੇ ਬਾਵਜੂਦ ਗੱਡੀਆਂ ‘ਤੇ ਪੁਲਿਸ, ਵੀ.ਆਈ.ਪੀ. ਆਦਿ ਦੇ ਸਟਿੱਕਰ ਲਗਾਏ ਜਾ ਰਹੇ ਹਨ। ਜੇਕਰ ਕੋਈ ਵੀ ਅਜਿਹਾ ਸਟਿੱਕਰ ਲਗਾਉਂਦਾ ਹੈ ਤਾਂ ਉਨ੍ਹਾਂ ਖ਼ਿਲਾਫ਼ ਧਾਰਾ 144 ਤਹਿਤ ਪਰਚਾ ਦਰਜ ਕੀਤਾ ਜਾਵੇਗਾ।

ਤਾਜ਼ਾ ਨਿਰਦੇਸ਼ਾਂ ਅਨੁਸਾਰ ਗੱਡੀਆਂ ‘ਤੇ ਹਥਿਆਰਾਂ ਦੀਆਂ ਤਸਵੀਰਾਂ ਲਗਾਉਣ ਅਤੇ ਭੜਕਾਊ ਸ਼ਬਦਾਵਲੀ ਲਿਖਣ ਵਾਲਿਆਂ ‘ਤੇ ਵੀ ਪੁਲਿਸ ਵਲੋਂ ਸਖ਼ਤੀ ਕੀਤੀ ਜਾਵੇਗੀ। ਟ੍ਰੈਫ਼ਿਕ ਪੁਲਿਸ ਨੂੰ ਸਖ਼ਤ ਹਦਾਇਤਾਂ ਦਿੱਤੀਆਂ ਗਈਆਂ ਹਨ ਕਿ ਅਜਿਹੇ ਵਾਹਨ ਜੋ ਗੰਨ ਕਲਚਰ ਨੂੰ ਉਤਸ਼ਾਹਿਤ ਕਰਦੇ ਹਨ, ਉਨ੍ਹਾਂ ਦੇ ਚਲਾਨ ਕੱਟੇ ਜਾਣ ਅਤੇ ਗੱਡੀਆਂ ਨੂੰ ਜ਼ਬਤ ਕੀਤਾ ਜਾਵੇ।