ਬਠਿੰਡਾ, 7 ਨਵੰਬਰ|  ਪਰਾਲੀ ਨੂੁੰ ਅੱਗ ਕਾਰਨ ਫੈਲ ਰਹੇ ਪ੍ਰਦੂਸ਼ਣ, ਸਾਹ ਲੈਣ ਵਿਚ ਆ ਰਹੀਆਂ ਮੁਸ਼ਕਲਾਂ ਤੇ ਹਾਦਸਿਆਂ ‘ਚ ਵਾਧੇ ਕਾਰਨ ਸਰਕਾਰ ਨੇ ਇਸ ਵਾਰ ਸਖਤੀ ਦਿਖਾਉਣੀ ਸ਼ੁਰੂ ਕਰ ਦਿੱਤੀ ਹੈ। ਇਸੇੇ ਤਹਿਤ ਪਿੰਡ ਮਹਿਮਾ ਸਰਜਾ ਵਿਚ ਪਰਾਲੀ ਨੂੰ ਅੱਗ ਲਗਾਉਣ ਤੋਂ ਰੋਕਣ ਆਏ ਅਧਿਕਾਰੀ ਕੋਲੋਂ ਹੀ ਪਰਾਲੀ ਨੂੰ ਅੱਗ ਲਗਵਾਉਣ ਵਾਲੇ ਕਿਸਾਨਾਂ ਵਿਚੋਂ ਸ਼ਿਵਰਾਜ ਸਿੰਘ ਅਤੇ ਸੁਰਜੀਤ ਸਿੰਘ ਨਾਂਅ ਦੇ ਦੋ ਕਿਸਾਨਾਂ ਨੂੰ ਗ੍ਰਿਫਤਾਰ ਕੀਤਾ ਗਿਆ ਹੈ।

ਇਸ ਮਾਮਲੇ ਵਿਚ ਕੁੱਲ 9 ਕਿਸਾਨਾਂ ਵਿਰੁੱਧ ਐਫ.ਆਈ.ਆਰ. ਦਰਜ ਕੀਤੀ ਗਈ ਹੈ। ਇਸ ਘਟਨਾ ਦੀ ਵੀਡੀਓ ਵੀ ਸਾਹਮਣੇ ਆਈ ਸੀ, ਜਿਸ ਦੇ ਚਲਦਿਆਂ ਮੁੱਖ ਮੰਤਰੀ ਭਗਵੰਤ ਮਾਨ ਵਲੋਂ ਕਿਸਾਨਾਂ ਵਿਰੁੱਧ ਮਾਮਲਾ ਦਰਜ ਕਰਨ ਦੇ ਨਿਰਦੇਸ਼ ਦਿੱਤੇ ਗਏ ਸਨ।

 

ਉਧਰ ਕਿਸਾਨਾਂ ਨੇ ਇਸ ਗੱਲ ਉਤੇ ਵਿਰੋਧ ਪ੍ਰਗਟ ਕੀਤਾ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਸਰਕਾਰ ਦੀ ਕਾਰਵਾਈ ਗਲਤ ਹੈ। ਉਨ੍ਹਾਂ ਕਿਹਾ ਕਿ ਸਰਕਾਰ ਕੋਲ ਕੋਈ ਪ੍ਰਬੰਧ ਨਹੀਂ ਹੈ, ਜਿਸ ਕਾਰਨ ਕਿਸਾਨਾਂ ਕੋਲ ਪਰਾਲੀ ਸਾੜਨ ਤੋਂ ਇਲਾਵਾ ਕੋਈ ਹੱਲ ਨਹੀਂ ਹੈ।
ਦੂਜੇ ਪਾਸੇ ਕਿਸਾਨਾਂ ਦਾ ਇਹ ਵੀ ਕਹਿਣਾ ਹੈ ਕਿ ਸਰਕਾਰੀ ਅਧਿਕਾਰੀ ਨੇ ਸਹਿਮਤੀ ਨਾਲ ਪਰਾਲੀ ਨੂੰ ਅੱਗ ਲਗਾਈ ਸੀ ਪਰ ਸਰਕਾਰ ਨੇ ਸਾਡੇ ’ਤੇ ਪਰਚਾ ਦਰਜ ਕੀਤਾ ਅਤੇ ਅਸੀਂ ਇਹ ਕੇਸ ਭੁਗਤਾਂਗੇ।

 

ਜ਼ਿਕਰਯੋਗ ਹੈ ਕਿ 4 ਨਵੰਬਰ ਨੂੰ ਬਠਿੰਡਾ ਦੇ ਪਿੰਡ ਮਹਿਮਾ ਸਰਜਾ ਵਿਚ ਪਰਾਲੀ ਸਾੜਨ ਤੋਂ ਰੋਕਣ ਆਏ ਇਕ ਸਰਕਾਰੀ ਅਧਿਕਾਰੀ ਨੂੰ ਕਿਸਾਨਾਂ ਨੇ ਘੇਰ ਲਿਆ। ਕਿਸਾਨਾਂ ਨੇ ਪਹਿਲਾਂ ਸਰਕਾਰੀ ਅਧਿਕਾਰੀ ਕੋਲੋਂ ਪਰਾਲੀ ਨੂੰ ਅੱਗ ਲਗਵਾਈ ਅਤੇ ਫਿਰ ਉਸ ਨੂੰ ਛੱਡ ਦਿੱਤਾ। ਕਿਸਾਨਾਂ ਨੇ ਸਾਰੀ ਘਟਨਾ ਦੀ ਵੀਡੀਉ ਬਣਾ ਕੇ ਵਾਇਰਲ ਕਰ ਦਿਤੀ। ਜਿਸ ਤੋਂ ਬਾਅਦ ਮੁੱਖ ਮੰਤਰੀ ਭਗਵੰਤ ਮਾਨ ਨੇ ਇਸ ‘ਤੇ ਸਖ਼ਤ ਨੋਟਿਸ ਲਿਆ ਹੈ।