ਰੋਹਤਕ ਦੀ ਸੁਨਾਰੀਆ ਜੇਲ੍ਹ ਤੋਂ ਪੈਰੋਲ ‘ਤੇ ਆਏ ਡੇਰਾ ਸਿਰਸਾ ਮੁਖੀ ਗੁਰਮੀਤ ਰਾਮ ਰਹੀਮ ਦਾ ਐਤਵਾਰ ਨੂੰ ਆਨਲਾਈਨ ਸਤਿਸੰਗ ਕੀਤਾ ਜਾਵੇਗਾ। ਇਸ ਸਤਿਸੰਗ ਨੂੰ ਸੁਣਨ ਲਈ ਪੰਜਾਬ ਭਰ ਤੋਂ ਡੇਰਾ ਪ੍ਰੇਮੀ ਬਠਿੰਡਾ ਦੇ ਪਿੰਡ ਸਲਾਬਤਪੁਰਾ ਵਿੱਚ ਸਥਿਤ ਡੇਰੇ ਵਿੱਚ ਪੁੱਜਣਗੇ। ਡੇਰਾ ਸਲਾਬਤਪੁਰਾ ਪੁੱਜਣ ਵਾਲੇ ਡੇਰੇ ਦੇ ਪੈਰੋਕਾਰਾਂ ਦੀ ਸੁਰੱਖਿਆ ਲਈ ਪੁਲਿਸ ਪ੍ਰਸ਼ਾਸਨ ਵੱਲੋਂ ਤਿੰਨ ਡੀਐਸਪੀਜ਼ ਸਮੇਤ 300 ਦੇ ਕਰੀਬ ਪੁਲਿਸ ਮੁਲਾਜ਼ਮ ਤਾਇਨਾਤ ਕੀਤੇ ਗਏ ਹਨ।

ਐਸਐਸਪੀ ਜੇ ਐਲਨਚੇਲੀਅਨ ਨੇ ਦੱਸਿਆ ਕਿ ਐਤਵਾਰ ਨੂੰ ਵੱਡੀ ਗਿਣਤੀ ਵਿੱਚ ਡੇਰਾ ਪ੍ਰੇਮੀ ਆਨਲਾਈਨ ਸਤਿਸੰਗ ਸੁਣਨ ਲਈ ਡੇਰਾ ਸਲਾਬਤਪੁਰਾ ਪਹੁੰਚ ਰਹੇ ਹਨ। ਇਸ ਕਾਰਨ ਪੁਲੀਸ ਪ੍ਰਸ਼ਾਸਨ ਵੱਲੋਂ ਸੁਰੱਖਿਆ ਦੇ ਪੁਖਤਾ ਪ੍ਰਬੰਧ ਕੀਤੇ ਗਏ ਹਨ। ਉਨ੍ਹਾਂ ਦੱਸਿਆ ਕਿ ਇੱਥੇ 200 ਤੋਂ 300 ਪੁਲਿਸ ਮੁਲਾਜ਼ਮ ਤਾਇਨਾਤ ਕੀਤੇ ਜਾਣਗੇ। ਜੇਕਰ ਲੋੜ ਪਈ ਤਾਂ ਹੋਰ ਫੋਰਸ ਵੀ ਤਾਇਨਾਤ ਕੀਤੀ ਜਾ ਸਕਦੀ ਹੈ। ਐਸਐਸਪੀ ਨੇ ਦੱਸਿਆ ਕਿ ਪੁਲੀਸ ਦੀਆਂ ਵਿਸ਼ੇਸ਼ ਟੀਮਾਂ ਨੂੰ ਸਟੈਂਡਬਾਏ ’ਤੇ ਰੱਖਿਆ ਗਿਆ ਹੈ ਤਾਂ ਜੋ ਲੋੜ ਪੈਣ ’ਤੇ ਤੁਰੰਤ ਫੋਰਸ ਨੂੰ ਮੌਕੇ ’ਤੇ ਭੇਜਿਆ ਜਾ ਸਕੇ।