ਬਟਾਲਾ/ਗੁਰਦਾਸਪੁਰ (ਜਸਵਿੰਦਰ ਬੇਦੀ) | ਬਟਾਲਾ ਦੇ ਗੁਰਦਾਸਪੁਰ ਰੋਡ ‘ਤੇ ਉਸ ਵੇਲੇ ਸਨਸਨੀ ਫੈਲ ਗਈ, ਜਦੋਂ 2 ਔਰਤਾਂ 3 ਦਿਨ ਦੇ ਇਕ ਨਵਜੰਮੇ ਬੱਚੇ ਨੂੰ ਚੁੱਕ ਕੇ ਫਰਾਰ ਹੋ ਗਈਆਂ। ਔਰਤਾਂ ਵੱਲੋਂ ਚੁੱਕਿਆ ਗਿਆ ਬੱਚਾ ਮੁੰਡਾ ਦੱਸਿਆ ਗਿਆ ਹੈ।
ਕੁਝ ਦਿਨ ਪਹਿਲਾਂ ਗੁਰਦਾਸਪੁਰ ਰੋਡ ‘ਤੇ ਸਥਿਤ ਇਕ ਪ੍ਰਾਈਵੇਟ ਅਕਾਲ ਹਸਪਤਾਲ ‘ਚ ਚੀਮਾ ਖੁੱਡੀ ਦੀ ਰਹਿਣ ਵਾਲੀ ਗੋਗੀ ਨਾਂ ਦੀ ਔਰਤ ਦਾ ਆਪ੍ਰੇਸ਼ਨ ਹੋਇਆ ਸੀ, ਜਿਸ ਨੇ ਇਕ ਬੇਟੇ ਨੂੰ ਜਨਮ ਦਿੱਤਾ ਸੀ।
ਹਸਪਤਾਲ ‘ਚ ਕੋਈ ਸੀਸੀਟੀਵੀ ਕੈਮਰਾ ਨਹੀਂ ਹੈ ਪਰ ਘਟਨਾ ਨੂੰ ਰੋਡ ‘ਤੇ ਲੱਗੇ ਇਕ ਸੀਸੀਟੀਵੀ ਵਿੱਚ ਦੇਖਿਆ ਜਾ ਸਕਦਾ ਹੈ ਕਿ ਸਕੂਟੀ ‘ਤੇ 2 ਔਰਤਾਂ ਆਈਆਂ ਤੇ ਬੱਚੇ ਨੂੰ ਚੁੱਕ ਕੇ ਫਰਾਰ ਹੋ ਗਈਆਂ। ਇਸ ਦੀ ਸ਼ਿਕਾਇਤ ਪੁਲਿਸ ਨੂੰ ਕਰ ਦਿੱਤੀ ਗਈ ਹੈ। ਪੁਲਿਸ ਵੱਲੋਂ ਜਾਂਚ ਕੀਤੀ ਜਾ ਰਹੀ ਹੈ।
ਇਸ ਮੌਕੇ ਅਗਵਾ ਹੋਏ ਬੱਚੇ ਦੀ ਮਾਂ ਤੇ ਪਰਿਵਾਰਕ ਮੈਂਬਰ ਸੀਤਾ ਤੇ ਅਰਜੁਨ ਨੇ ਦੱਸਿਆ ਕਿ 3 ਦਿਨ ਪਹਿਲਾਂ ਬਟਾਲਾ ਦੇ ਅਕਾਲ ਹਸਪਤਾਲ ‘ਚ ਗੋਗੀ ਨੇ ਇਕ ਬੇਟੇ ਨੂੰ ਜਨਮ ਦਿੱਤਾ ਸੀ ਤੇ ਅੱਜ ਛੁੱਟੀ ਮਿਲਣੀ ਸੀ ਪਰ ਥੋੜ੍ਹੀ ਦੇਰ ਪਹਿਲਾਂ ਸਕੂਟੀ ‘ਤੇ 2 ਔਰਤਾਂ ਆਈਆਂ, ਜਿਨ੍ਹਾਂ ਕਿਹਾ ਕਿ ਅਸੀਂ ਬੱਚੇ ਨੂੰ ਇੰਜੈਕਸ਼ਨ ਲਗਾਉਣਾ ਹੈ ਤੇ ਉਹ ਕਮਰੇ ‘ਚੋਂ ਬੱਚੇ ਨੂੰ ਬਾਹਰ ਲੈ ਗਈਆਂ ਤੇ ਬਾਅਦ ਵਿੱਚ ਦੋਵੇਂ ਔਰਤਾਂ ਸਕੂਟੀ ‘ਤੇ ਉਨ੍ਹਾਂ ਦੇ ਬੇਟੇ ਨੂੰ ਲੈ ਕੇ ਫਰਾਰ ਹੋ ਗਈਆਂ।
ਇਸ ਮੌਕੇ ਹਸਪਤਾਲ ਦੇ ਫਾਰਮਾਸਿਸਟ ਗੁਰਬਾਜ ਸਿੰਘ ਤੇ ਮਾਲਕ ਪ੍ਰਿਤਪਾਲ ਸਿੰਘ ਨੇ ਆਪਣੀ ਜ਼ਿੰਮੇਵਾਰੀ ਤੋਂ ਪੱਲਾ ਝਾੜਦਿਆਂ ਕਿਹਾ ਕਿ ਅਸੀਂ ਔਰਤ ਨੂੰ ਛੁੱਟੀ ਦੇ ਦਿੱਤੀ ਹੋਈ ਸੀ ਤੇ ਪਰਿਵਾਰ ਘਰ ਜਾਣ ਲਈ ਤਿਆਰ ਸੀ। ਜਦੋਂ ਉਨ੍ਹਾਂ ਤੋਂ ਹਸਪਤਾਲ ਦੇ ਸੁਰੱਖਿਆ ਪ੍ਰਬੰਧਾਂ ਬਾਰੇ ਪੁੱਛਿਆ ਗਿਆ ਤਾਂ ਉਨ੍ਹਾਂ ਕਿਹਾ ਕਿ ਹਸਪਤਾਲ ‘ਚ ਕੋਈ ਗੇਟਕੀਪਰ ਨਹੀਂ ਹੈ ਤੇ 6 ਮਹੀਨੇ ਪਹਿਲਾਂ ਹਸਪਤਾਲ ਦੇ ਸੀਸੀਟੀਵੀ ਕੈਮਰੇ ਖਰਾਬ ਹੋ ਗਏ ਹਨ, ਬਾਅਦ ਵਿੱਚ ਕੈਮਰੇ ਵੀ ਨਹੀਂ ਲਗਾਏ ਗਏ।