ਚੰਡੀਗੜ੍ਹ| ਬਠਿੰਡਾ ਜੇਲ੍ਹ ਵਿੱਚ ਬੰਦ ਗੈਂਗਸਟਰ ਸੁਖਪ੍ਰੀਤ ਬੁੱਢਾ ਖ਼ਿਲਾਫ਼ ਕੇਸ ਦਰਜ ਹੋਣ ਨਾਲ ਬੰਬੀਹਾ ਗੈਂਗ ਭੜਕ ਗਿਆ ਹੈ। ਬੰਬੀਹਾ ਗੈਂਗ ਨੇ ਪੰਜਾਬ ਪੁਲਿਸ ਨੂੰ ਸਿੱਧੀਆਂ ਧਮਕੀਆਂ ਦੇਣੀਆਂ ਸ਼ੁਰੂ ਕਰ ਦਿੱਤੀਆਂ ਹਨ। ਵਿੰਦਰ ਫਰਾਂਸ ਬੰਬੀਹਾ ਦੇ ਸੋਸ਼ਲ ਮੀਡੀਆ ਅਕਾਊਂਟ ‘ਤੇ ਸੁਖਪ੍ਰੀਤ ਬੁੱਢਾ ਨੂੰ ਤੰਗ ਨਾ ਕਰਨ ਦੀ ਗੱਲ ਕਹੀ ਗਈ ਸੀ। ਨਾਲ ਹੀ ਇਹ ਵੀ ਕਿਹਾ ਗਿਆ ਸੀ ਕਿ ਜੇਕਰ ਇਸ ਨੂੰ ਨਾ ਰੋਕਿਆ ਗਿਆ ਤਾਂ ਅਸੀਂ ਧਮਕੀਆਂ ਨਹੀਂ ਦੇਵਾਂਗੇ, ਸਗੋਂ ਸਿੱਧੇ ਤੌਰ ‘ਤੇ ਕੰਮ ਕਰਾਂਗੇ। ਪਿਛਲੇ ਕੁਝ ਸਮੇਂ ਤੋਂ ਬੰਬੀਹਾ ਗੈਂਗ ਸੋਸ਼ਲ ਮੀਡੀਆ ‘ਤੇ ਕਾਫੀ ਸਰਗਰਮ ਹੋ ਗਿਆ ਹੈ। ਜਿਸ ਕਾਰਨ ਪੰਜਾਬ ਵਿੱਚ ਵੱਡੀ ਗੈਂਗਵਾਰ ਹੋਣ ਦੀ ਸੰਭਾਵਨਾ ਹੈ।

ਮੰਨਿਆ ਜਾ ਰਿਹਾ ਹੈ ਕਿ ਗੈਂਗਸਟਰ ਦਵਿੰਦਰ ਬੰਬੀਹਾ ਦੀ ਅਰਮੇਨੀਆ ‘ਚ ਮੌਤ ਤੋਂ ਬਾਅਦ ਲੱਕੀ ਪਟਿਆਲਾ ਅਤੇ ਜੇਲ ‘ਚ ਬੰਦ ਸੁਖਪ੍ਰੀਤ ਬੁੱਢਾ ਬੰਬੀਹਾ ਗੈਂਗ ਨੂੰ ਚਲਾ ਰਹੇ ਹਨ। ਉਨ੍ਹਾਂ ਕਿਹਾ ਕਿ ਪੁਲਿਸ ਤੇ ਸਰਕਾਰ ਸਾਡੇ ਲੋਕਾਂ ਨੂੰ ਤੰਗ ਕਰ ਰਹੀ ਹੈ। ਸਾਡੇ ਭਰਾ ਸੁਖਪ੍ਰੀਤ ਬੁੱਢਾ ਜੋ ਕਿ ਬਠਿੰਡਾ ਜੇਲ੍ਹ ਵਿੱਚ ਬੰਦ ਹੈ, ਨੂੰ ਤੰਗ ਪ੍ਰੇਸ਼ਾਨ ਕੀਤਾ ਜਾ ਰਿਹਾ ਹੈ। ਇਹ ਬਹੁਤ ਮਾੜੀ ਗੱਲ ਹੈ।