ਲੁਧਿਆਣਾ (ਰਾਜ), 10 ਫਰਵਰੀ | ਥਾਣਾ ਨੰਬਰ 7 ਅਧੀਨ ਪੈਂਦੀ ਇੰਦਰਾ ਕਲੋਨੀ ਉਸ ਵੇਲੇ ਜੰਗ ਦੇ ਮੈਦਾਨ ਵਿੱਚ ਤਬਦੀਲ ਹੋ ਗਈ, ਜਦੋਂ ਵਿਆਹ ਦੀਆਂ ਖ਼ੁਸ਼ੀਆਂ ਮਨਾ ਰਹੇ ਇੱਕ ਪਰਿਵਾਰ ਦੇ ਘਰ ਬਾਹਰ ਦਰਜਨਾਂ ਹਮਲਾਵਰਾਂ ਨੇ ਹੰਗਾਮਾ ਕਰ ਦਿੱਤਾ। ਹਮਲਾਵਰ ਪੂਰੀ ਤਿਆਰੀ ਨਾਲ ਆਏ ਸਨ, ਪਰ ਜਦੋਂ ਉਨ੍ਹਾਂ ਨੂੰ ਨਿਸ਼ਾਨੇ ਵਾਲੇ ਪਰਿਵਾਰ ਦੇ ਮੈਂਬਰ ਨਹੀਂ ਮਿਲੇ, ਤਾਂ ਉਨ੍ਹਾਂ ਨੇ ਬੇਕਸੂਰ ਗੁਆਂਢੀਆਂ ‘ਤੇ ਹੀ ਹਮਲਾ ਕਰ ਦਿੱਤਾ। ਇਸ ਖ਼ੂਨੀ ਝੜਪ ਵਿੱਚ ਦੋ ਗੁਆਂਢੀ ਗੰਭੀਰ ਜ਼ਖ਼ਮੀ ਹੋ ਗਏ ਹਨ, ਜਿਨ੍ਹਾਂ ਨੂੰ ਸਿਵਲ ਹਸਪਤਾਲ ਦਾਖ਼ਲ ਕਰਵਾਇਆ ਗਿਆ ਹੈ।

ਪੁਰਾਣੀ ਰੰਜਿਸ਼ ਬਣੀ ਹੰਗਾਮੇ ਦਾ ਕਾਰਨ ਜਾਣਕਾਰੀ ਅਨੁਸਾਰ, ਜਿਸ ਘਰ ਵਿੱਚ ਵਿਆਹ ਸੀ, ਉਨ੍ਹਾਂ ਦਾ ਦੂਜੀ ਧਿਰ ਨਾਲ ਪੁਰਾਣਾ ਵਿਵਾਦ ਚੱਲ ਰਿਹਾ ਸੀ। ਸੋਮਵਾਰ ਰਾਤ ਕਰੀਬ 11 ਵਜੇ ਇਸੇ ਰੰਜਿਸ਼ ਕਾਰਨ 10 ਤੋਂ 15 ਹਮਲਾਵਰ ਤੇਜ਼ਧਾਰ ਹਥਿਆਰਾਂ ਅਤੇ ਕਿਰਪਾਨਾਂ ਨਾਲ ਕਲੋਨੀ ਵਿੱਚ ਦਾਖ਼ਲ ਹੋਏ। ਉਨ੍ਹਾਂ ਨੇ ਵਿਆਹ ਵਾਲੇ ਘਰ ਬਾਹਰ ਲਲਕਾਰੇ ਮਾਰਨੇ ਸ਼ੁਰੂ ਕਰ ਦਿੱਤੇ।

ਬੇਕਸੂਰ ਗੁਆਂਢੀਆਂ ਨੂੰ ਬਣਾਇਆ ਨਿਸ਼ਾਨਾ ਜਦੋਂ ਘਰ ਦੇ ਅੰਦਰ ਕੋਈ ਨਾ ਮਿਲਿਆ, ਤਾਂ ਬਾਹਰ ਬੈਠੇ ਗੁਆਂਢੀ ਸੁਰਜੀਤ ਸਿੰਘ ਅਤੇ ਬਲਜੀਤ ਸਿੰਘ ਨੇ ਇਨਸਾਨੀਅਤ ਦੇ ਨਾਤੇ ਮਾਮਲਾ ਸ਼ਾਂਤ ਕਰਵਾਉਣ ਦੀ ਕੋਸ਼ਿਸ਼ ਕੀਤੀ। ਪਰ ਹਮਲਾਵਰਾਂ ਨੇ ਬਿਨਾਂ ਕੁਝ ਸੋਚੇ-ਸਮਝੇ ਉਨ੍ਹਾਂ ‘ਤੇ ਹੀ ਹਮਲਾ ਕਰ ਦਿੱਤਾ। ਪੀੜਤਾਂ ਅਨੁਸਾਰ, ਹਮਲਾਵਰਾਂ ਨੇ ਉਨ੍ਹਾਂ ‘ਤੇ ਕਿਰਪਾਨਾਂ ਨਾਲ ਕਈ ਵਾਰ ਕੀਤੇ। ਜ਼ਖ਼ਮੀ ਬਲਜੀਤ ਸਿੰਘ ਨੇ ਦੱਸਿਆ ਕਿ ਉਨ੍ਹਾਂ ਦਾ ਇਸ ਝਗੜੇ ਨਾਲ ਕੋਈ ਲੈਣਾ-ਦੇਣਾ ਨਹੀਂ ਸੀ, ਪਰ ਹਮਲਾਵਰਾਂ ਨੇ ਆਪਣੀ ਹੈਵਾਨੀਅਤ ਦਾ ਸ਼ਿਕਾਰ ਉਨ੍ਹਾਂ ਨੂੰ ਬਣਾ ਦਿੱਤਾ।

ਵਾਰਦਾਤ ਨੂੰ ਅੰਜਾਮ ਦੇਣ ਤੋਂ ਬਾਅਦ ਮੁਲਜ਼ਮ ਹਥਿਆਰ ਲਹਿਰਾਉਂਦੇ ਹੋਏ ਫ਼ਰਾਰ ਹੋ ਗਏ। ਫਿਲਹਾਲ ਪੁਲਿਸ ਨੇ ਅਣਪਛਾਤੇ ਹਮਲਾਵਰਾਂ ਵਿਰੁੱਧ ਜਾਂਚ ਸ਼ੁਰੂ ਕਰ ਦਿੱਤੀ ਹੈ ਅਤੇ ਇਲਾਕੇ ਦੇ ਸੀਸੀਟੀਵੀ ਫੁਟੇਜ ਖੰਗਾਲੇ ਜਾ ਰਹੇ ਹਨ।