ਸ੍ਰੀ ਗੋਇੰਦਵਾਲ ਸਾਹਿਬ| ਕਸਬਾ ਫਤਿਆਬਾਦ ਦੇ ਚੰਡੀਗੜ੍ਹ ਮੁਹੱਲੇ ’ਚ ਗਈ ਪੁਲਿਸ ਪਾਰਟੀ ਉੱਪਰ ਕਥਿਤ ਤੌਰ ’ਤੇ ਹਮਲਾ ਕਰਕੇ ਗਾਲੀ ਗਲੋਚ ਕਰਨ ਤੇ ਥਾਣੇੇਦਾਰ ਦੇ ਲੋਹੇ ਦੀ ਰਾਡ ਮਾਰਨ ਦਾ ਮਾਮਲਾ ਸਾਹਮਣੇ ਆਇਆ ਹੈ। ਜਿਸ ਸਬੰਧੀ ਪੁਲਿਸ ਨੇ ਔਰਤ ਸਣੇ ਚਾਰ ਲੋਕਾਂ ਖਿਲਾਫ ਕੇਸ ਦਰਜ ਕਰਕੇ ਦੋ ਨੂੰ ਬਕਾਇਦਾ ਗ੍ਰਿਫਤਾਰ ਵੀ ਕਰ ਲਿਆ ਹੈ।
ਚੌਂਕੀ ਫਤਿਆਬਾਦ ਦੇ ਇੰਚਾਰਜ ਏਐੱਸਆਈ ਜਸਪ੍ਰੀਤ ਸਿੰਘ ਨੇ ਦੱਸਿਆ ਕਿ ਉਹ ਪੁਲਿਸ ਪਾਰਟੀ ਸਮੇਤ ਗਸ਼ਤ ਦੌਰਾਨ ਚੰਡੀਗੜ੍ਹ ਮੁਹੱਲਾ ਪੁੱਜੇ ਤਾਂ ਇਕ ਸ਼ੱਕੀ ਨੌਜਵਾਨ ਨੂੰ ਕਾਬੂ ਕੀਤਾ। ਉਕਤ ਨੌਜਵਾਨ ਏਐੱਸਆਈ ਦਿਲਬਾਗ ਨੂੰ ਧੱਕਾ ਮਾਰ ਕੇ ਭੱਜ ਗਿਆ। ਪੁਲਿਸ ਪਾਰਟੀ ਪਿੱਛਾ ਕਰਦਿਆਂ ਜਦੋਂ ਉਸਦੇ ਘਰ ਪੁੱਜੀ ਤਾਂ ਅੱਗੋਂ ਕਰਨਦੀਪ ਸਿੰਘ, ਜਗਰੂਪ ਸਿੰਘ ਅਤੇ ਮਿੱਠਣ ਤਿੰਨੇ ਭਰਾ ਪੁੱਤਰ ਵਰਿੰਦਰ ਸਿੰਘ ਤੇ ਇਨ੍ਹਾਂ ਦੀ ਮਾਤਾ ਲਖਵਿੰਦਰ ਕੌਰ ਕਰਮਚਾਰੀਆਂ ਨਾਲ ਝਗੜਾ ਕਰਨ ਲੱਗ ਪਏ।
ਇਸ ਦੌਰਾਨ ਇਨ੍ਹਾਂ ਨੇ ਏਐੱਸਆਈ ਜਤਿੰਦਰਪਾਲ ਸਿੰਘ ਦੀ ਵਰਦੀ ਨੂੰ ਹੱਥ ਪਾਇਆ ਤੇ ਉਸਦੀ ਬਾਂਹ ’ਤੇ ਲੋਹੇ ਦੀ ਰਾਡ ਵੀ ਮਾਰੀ। ਇੰਨਾ ਹੀ ਨਹੀਂ ਧੱਕਾ ਮੁੱਕੀ ਕਰਦਿਆਂ ਗਾਲੀ ਗਲੋਚ ਵੀ ਕੀਤਾ। ਉਨ੍ਹਾਂ ਦੱਸਿਆ ਕਿ ਚਾਰਾਂ ਵਿਰੁੱਧ ਕੇਸ ਦਰਜ ਕਰਕੇ ਕਰਨਦੀਪ ਸਿੰਘ ਤੇ ਜਗਰੂਪ ਸਿੰਘ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ। ਬਾਕੀ ਮੁਲਜ਼ਮਾਂ ਦੀ ਗ੍ਰਿਫਤਾਰੀ ਲਈ ਛਾਪੇਮਾਰੀ ਜਾਰੀ ਹੈ।