ਪੰਜਾਬੀ ਬੁਲੇਟਿਨ ਟੀਮ | ਨਾਂਦੇੜ (ਮਹਾਰਾਸ਼ਟਰ), 23 ਜਨਵਰੀ

ਤਖ਼ਤ ਸ੍ਰੀ ਹੁਜ਼ੂਰ ਸਾਹਿਬ, ਨਾਂਦੇੜ ਵਿਖੇ ਹਿੰਦ ਦੀ ਚਾਦਰ ਸ੍ਰੀ ਗੁਰੂ ਤੇਗ ਬਹਾਦੁਰ ਜੀ ਦਾ 350 ਸਾਲਾ ਸ਼ਹੀਦੀ ਸਮਾਗਮ 24 ਅਤੇ 25 ਜਨਵਰੀ ਨੂੰ ਬੜੀ ਹੀ ਸ਼ਰਧਾ ਅਤੇ ਸਤਿਕਾਰ ਨਾਲ ਮਨਾਇਆ ਜਾ ਰਿਹਾ ਹੈ। ਇਹ ਮਹਾਨ ਸਮਾਗਮ ਮਹਾਂਰਾਸ਼ਟਰ ਸਰਕਾਰ ਅਤੇ ਤਖ਼ਤ ਸ੍ਰੀ ਹੁਜ਼ੂਰ ਸਾਹਿਬ ਬੋਰਡ ਵੱਲੋਂ ਸਾਂਝੇ ਤੌਰ ’ਤੇ ਕਰਵਾਇਆ ਜਾ ਰਿਹਾ ਹੈ।

ਇਸ ਪਾਵਨ ਸਮਾਗਮ ਵਿੱਚ ਪੰਜਾਬ ਅਤੇ ਮਹਾਂਰਾਸ਼ਟਰ ਦੀਆਂ ਸੰਗਤਾਂ ਦੇ ਨਾਲ-ਨਾਲ ਦੇਸ਼ ਦੇ ਵੱਖ-ਵੱਖ ਹਿੱਸਿਆਂ ਤੋਂ ਲੱਖਾਂ ਦੀ ਗਿਣਤੀ ਵਿੱਚ ਸ਼ਰਧਾਲੂ ਨਾਂਦੇੜ ਪਹੁੰਚ ਰਹੇ ਹਨ ਅਤੇ ਗੁਰੂ ਸਾਹਿਬ ਦੇ ਚਰਨਾਂ ਵਿੱਚ ਨਤਮਸਤਕ ਹੋ ਰਹੇ ਹਨ।

ਸਮਾਗਮ ਵਿੱਚ ਦੇਸ਼ ਭਰ ਦੇ ਵੱਡੇ ਸਿਆਸੀ ਆਗੂ ਵੀ ਹਾਜ਼ਰੀ ਭਰ ਰਹੇ ਹਨ। ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਇਸ ਸਮਾਗਮ ਵਿੱਚ ਸ਼ਾਮਲ ਹੋਣ ਲਈ ਨਾਂਦੇੜ ਪਹੁੰਚ ਰਹੇ ਹਨ, ਜਦਕਿ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੀ ਗੁਰੂ ਚਰਨਾਂ ਵਿੱਚ ਹਾਜ਼ਰੀ ਦਰਜ ਕਰਵਾਉਣਗੇ।

ਇਸ ਤੋਂ ਇਲਾਵਾ ਮਹਾਂਰਾਸ਼ਟਰ ਦੇ ਮੁੱਖ ਮੰਤਰੀ ਦੇਵੇਂਦਰ ਫੜਨਵੀਸ, ਉੱਤਰ ਪ੍ਰਦੇਸ਼ ਦੇ ਮੁੱਖ ਮੰਤਰੀ ਯੋਗੀ ਆਦਿਤਿਆਨਾਥ ਸਮੇਤ ਕਈ ਹੋਰ ਪ੍ਰਮੁੱਖ ਸਿਆਸੀ ਆਗੂ ਵੀ ਇਸ ਇਤਿਹਾਸਕ ਸਮਾਗਮ ਦਾ ਹਿੱਸਾ ਬਣਨਗੇ।

ਧਾਰਮਿਕ ਆਗੂਆਂ ਦੀ ਗੱਲ ਕਰੀਏ ਤਾਂ ਤਖ਼ਤ ਸ੍ਰੀ ਹੁਜ਼ੂਰ ਸਾਹਿਬ ਦੇ ਜਥੇਦਾਰ ਸਿੰਘ ਸਾਹਿਬ ਸੰਤ ਬਾਬਾ ਕੁਲਵੰਤ ਸਿੰਘ ਮੁੱਖ ਸੇਵਾਦਾਰ ਵਜੋਂ ਮੌਜੂਦ ਰਹਿਣਗੇ। ਇਸ ਦੇ ਨਾਲ ਹੀ ਦਮਦਮੀ ਟਕਸਾਲ ਦੇ ਮੁਖੀ ਸੰਤ ਬਾਬਾ ਹਰਨਾਮ ਸਿੰਘ ਖਾਲਸਾ ਮਹਾਂਰਾਸ਼ਟਰ ਸ਼ਤਾਬਦੀ ਸਮਾਗਮਾਂ ਦੇ ਚੇਅਰਮੈਨ ਵਜੋਂ ਮੇਜ਼ਬਾਨ ਦੀ ਭੂਮਿਕਾ ਨਿਭਾ ਰਹੇ ਹਨ।

ਸੰਤ ਸਮਾਜ ਦੇ ਹੋਰ ਪ੍ਰਮੁੱਖ ਆਗੂਆਂ ਵਿੱਚ ਬਾਗੇਸ਼ਵਰ ਧਾਮ ਦੇ ਮੁਖੀ ਧੀਰੇਂਦਰ ਸ਼ਾਸਤਰੀ ਵੀ ਗੁਰੂ ਮਹਾਰਾਜ ਦੀ ਅਸੀਸ ਪ੍ਰਾਪਤ ਕਰਨ ਲਈ ਨਾਂਦੇੜ ਪਹੁੰਚ ਰਹੇ ਹਨ।

ਵੱਡੀ ਗਿਣਤੀ ਵਿੱਚ ਪਹੁੰਚ ਰਹੀਆਂ ਸੰਗਤਾਂ ਨੂੰ ਧਿਆਨ ਵਿੱਚ ਰੱਖਦਿਆਂ ਤਖ਼ਤ ਸ੍ਰੀ ਹੁਜ਼ੂਰ ਸਾਹਿਬ ਬੋਰਡ ਅਤੇ ਮਹਾਂਰਾਸ਼ਟਰ ਸਰਕਾਰ ਵੱਲੋਂ ਸੁਰੱਖਿਆ, ਰਹਿਣ-ਸਹਿਣ ਅਤੇ ਹੋਰ ਸਾਰੀਆਂ ਸੁਵਿਧਾਵਾਂ ਦੇ ਵਿਸਤ੍ਰਿਤ ਇੰਤਜ਼ਾਮ ਕੀਤੇ ਗਏ ਹਨ।