ਸਾਰੇ ਕੋਵਿਡ ਮਰੀਜ਼ਾਂ ਦੇ 10 ਸੰਪਰਕ ਵਾਲੇ ਵਿਅਕਤੀਆਂ ਦੇ ਟੈਸਟ ਕੀਤੇ ਜਾਣ ਲਈ ਨਿਰਦੇਸ਼
ਚੰਡੀਗੜ੍ਹ . ਕੋਵਿਡ ਮਾਮਲਿਆਂ ਵਿੱਚ ਹੋਏ ਵਾਧੇ ਦਰਮਿਆਨ ਸੂਬੇ ਦੀ ਇਸ ਮਹਾਂਮਾਰੀ ਖਿਲਾਫ ਜੰਗ ਨੂੰ ਹੋਰ ਮਜ਼ਬੂਤ ਕਰਨ ਦੇ ਯਤਨ ਵਜੋਂ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਵੀਰਵਾਰ ਨੂੰ ਟੈਸਟਿੰਗ ਦੀ ਰੋਜ਼ਾਨਾ ਸਮਰੱਥਾ 30,000 ਕਰਨ ਅਤੇ ਹਰ ਕੋਵਿਡ ਮਰੀਜ਼ ਦੇ ਨਜ਼ਦੀਕੀ ਘੇਰੇ ਦੇ ਘੱਟੋ-ਘੱਟ 10 ਵਿਅਕਤੀਆਂ ਦੇ ਟੈਸਟ ਕਰਨ ਲਈ ਹੁਕਮ ਦਿੱਤੇ ਗਏ ਹਨ।
ਉੱਚ ਪੱਧਰੀ ਸਿਹਤ ਤੇ ਮੈਡੀਕਲ ਮਾਹਿਰਾਂ ਅਤੇ ਅਧਿਕਾਰੀਆਂ ਨਾਲ ਵੀਡੀਓ ਕਾਨਫਰਿੰਸਗ ਜ਼ਰੀਏ ਸਥਿਤੀ ਦਾ ਜਾਇਜ਼ਾ ਲੈਂਦਿਆਂ ਮੁੱਖ ਮੰਤਰੀ ਵੱਲੋਂ ਸਿਹਤ ਵਿਭਾਗ ਨੂੰ ਮੈਡੀਕਲ ਕਾਲਜਾਂ ਅਤੇ ਨਿੱਜੀ ਹਸਪਤਾਲਾਂ ਲਈ ਵੈਂਟੀਲੈਟਰ ਮੁਫਤ ਮੁਹੱਈਆ ਕਰਵਾਉਣ ਲਈ ਨਿਰਦੇਸ਼ ਦਿੱਤੇ ਗਏ। ਉਨਾਂ ਅੱਗੇ ਵਿਭਾਗ ਨੂੰ ਇਨਾਂ ਹਸਪਤਾਲਾਂ ਲਈ ਮਨੁੱਖੀ ਸਮਰੱਥਾ ਜਿਵੇਂ ਐਨਸਥੀਸੀਆ ਮਾਹਿਰ ਆਦਿ ਮੁਹੱਈਆ ਕਰਵਾਉਣ ਲਈ ਆਖਿਆ ਹੈ ਜਿਨਾਂ ਵਿੱਚ ਸਰਕਾਰ ਵੱਲੋਂ ਕੋਵਿਡ ਇਲਾਜ ਦੇ ਰੇਟ ਤੈਅ ਕੀਤੇ ਜਾਣ ਕਾਰਨ ਇਲਾਜ ਲਈ ਮਰੀਜ਼ਾਂ ਦੀ ਆਮਦ ਵਧੀ ਹੈ।
ਮੁੱਖ ਸਕੱਤਰ ਵਿਨੀ ਮਹਾਜਨ ਨੇ ਮੀਟਿੰਗ ਦੌਰਾਨ ਦੱਸਿਆ ਕਿ 9 ਹੋਰ ਆਰ.ਟੀ-ਪੀ.ਸੀ.ਆਰ ਮਸ਼ੀਨਾਂ ਦੀ ਖਰੀਦ ਲਈ ਟੈਂਡਰ ਕੱਢੇ ਜਾ ਚੁੱਕੇ ਹਨ ਅਤੇ ਇਨਾਂ ਦੇ ਅਗਲੇ ਹਫਤੇ ਤੱਕ ਪ੍ਰਾਪਤ ਹੋਣ ਦੀ ਉਮੀਦ ਹੈ। ਉਨਾਂ ਰੈਪਿਡ ਐਂਟੀਜਨ ਟੈਸਟਿੰਗ ਵਧਾਉਣ ਅਤੇ ਤੀਜੇ ਦਰਜੇ ਦੀ ਬੈੱਡ ਸਮਰੱਥਾ ਵਧਾਏ ਜਾਣ ’ਤੇ ਵੀ ਜ਼ੋਰ ਦਿੱਤਾ।
ਮੁੱਖ ਸਕੱਤਰ ਨੇ ਕਿਹਾ ਕਿ ਇਕ ਨਿੱਜੀ ਹਸਪਤਾਲ ਵੱਲੋਂ ਇਸਦੇ ਐਨਸਥੀਸੀਆ ਮਾਹਿਰ ਦੇ ਪਾਜ਼ੇਟਿਵ ਆਉਣ ਕਾਰਨ ਮਰੀਜ਼ਾਂ ਨੂੰ ਲੈਣਾ ਬੰਦ ਕਰ ਦਿੱਤਾ ਗਿਆ ਜਦੋਂ ਕਿ ਜ਼ਿਆਦਾਤਰ ਐਨਸਥੀਸੀਆ ਮਾਹਿਰ 55-60 ਸਾਲਾ ਦੇ ਸੰਵੇਦਨਸ਼ੀਲ ਉਮਰ ਵਰਗ ਨਾਲ ਸਬੰਧਤ ਹਨ। ਉਨਾਂ ਕਿਹਾ ਕਿ ਆਈ.ਐਮ.ਏ ਵੱਲੋਂ ਇਸ ਮਸਲੇ ਨੂੰ ਵਿਚਾਰਨ ਲਈ ਸੂਬੇ ਦੇ ਸਿਹਤ ਮੰਤਰੀ ਨਾਲ ਮੁਲਾਕਾਤ ਕੀਤੀ ਗਈ ਹੈ। ਉਨਾਂ ਅੱਗੇ ਕਿਹਾ ਕਿ ਨਿੱਜੀ ਹਸਪਤਾਲਾਂ ਵਿੱਚ ਕੋਵਿਡ ਇਲਾਜ ਤੇ ਦੇਖਭਾਲ ਨੂੰ ਬਹਾਲ ਰੱਖਣ ਲਈ ਘੱਟ ਉਮਰ ਦੇ ਐਨਸਥੀਸੀਆ ਮਾਹਿਰਾਂ ਨੂੰ ਲਗਾਏ ਦੀ ਜ਼ਰੂਰਤ ਹੈ।
ਕੈਪਟਨ ਅਮਰਿੰਦਰ ਸਿੰਘ ਵੱਲੋਂ ਇਹ ਕਹਿੰਦਿਆਂ ਸਹਿਮਤੀ ਪ੍ਰਗਟਾਈ ਗਈ, ‘‘ਤੈਅ ਫੀਸ ਤੇ ਹੋਰ ਬੰਦਿਸ਼ਾਂ ਲਾਗੂ ਕਰਨ ਪ੍ਰਤੀ ਸਖਤ ਰਹਿੰਦਿਆਂ ਸਾਨੂੰ ਉਨਾਂ ਦੀਆਂ ਜ਼ਰੂਰਤਾਂ ਨੂੰ ਸਵੀਕਾਰਦਿਆਂ ਪੂਰੀ ਸਹਾਇਤਾ ਕਰਨੀ ਚਾਹੀਦੀ ਹੈ’’।
ਮੁੱਖ ਮੰਤਰੀ ਵੱਲੋਂ ਹਾਲ ਹੀ ਵਿੱਚ ਕੋਵਿਡ ਤੋਂ ਸਿਹਤਯਾਬ ਹੋਏ ਅੱਠ ਪੀ.ਸੀ.ਐਸ ਅਧਿਕਾਰੀਆਂ ਦਾ ਧੰਨਵਾਦ ਕੀਤਾ ਗਿਆ ਜਿਨਾਂ ਵੱਲੋਂ ਦੂਜਿਆਂ ਦੀਆਂ ਜਾਨਾਂ ਬਚਾਉਣ ਲਈ ਪਲਾਜ਼ਮਾ ਦੇਣ ਲਈ ਲਿਖਤੀ ਰੂਪ ਵਿੱਚ ਇੱਛਾ ਜ਼ਾਹਿਰ ਕੀਤੀ ਗਈ ਹੈ।
ਇਸ ਤੋਂ ਪਹਿਲਾਂ ਡਾ. ਕੇ.ਕੇ.ਤਲਵਾੜ ਵੱਲੋਂ ਦੱਸਿਆ ਗਿਆ ਕਿ ਪਿਛਲੇ ਤਿੰਨ-ਚਾਰ ਦਿਨਾਂ ਦੌਰਾਨ ਤੀਜੇ ਦਰਜੇ ਦੀ ਇਲਾਜ ਸੁਵਿਧਾ ਲਈ 300 ਤੋਂ ਵਧੇਰੇ ਮਰੀਜ਼ ਸਾਹਮਣੇ ਆਏ ਅਤੇ 48 ਵੈਂਟੀਲੇਟਰਾਂ ’ਤੇ ਹਨ ਜੋ ਗਿਣਤੀ 10 ਦਿਨ ਪਹਿਲਾਂ ਮਹਿਜ਼ 27 ਸੀ। ਭਾਵੇਂ ਪ੍ਰਤੀ ਮਿਲੀਅਨ ਮਗਰ ਮੌਤ ਦਰ ਪੰਜਾਬ ਵਿੱਚ 30.8 ਹੈ ਜੋ ਭਾਰਤ ਦੀ 39.9 ਨਾਲੋਂ ਘੱਟ ਹੈ ਪਰ 920 ਲੋਕਾਂ ਦੀਆਂ ਕੋਵਿਡ ਕਾਰਨ ਜਾਨਾਂ ਜਾਣ ਕਰਕੇ ਸਥਿਤੀ ਚਿੰਤਾਜਨਕ ਹੈ। ਸੂਬੇ ਦੀ ਰਿਕਵਰੀ ਦਰ 62.9 ਫੀਸਦ ਹੈ ਜੋ ਕੌਮੀ ਦਰ 73.9 ਫੀਸਦ ਨਾਲੋਂ ਘੱਟ ਹੈ। ਮੌਤਾਂ ਦੀ ਗਿਣਤੀ ਵਧਣ ਬਾਰੇ ਦੱਸਦਿਆਂ ਉਨਾਂ ਕਿਹਾ ਕਿ ਪੰਜਾਬ ਵਿੱਚ ਹਰਿਆਣਾ ਦੇ ਮੁਕਾਬਲੇ ਹੋਰ ਗੰਭੀਰ ਬਿਮਾਰੀਆਂ ਤੋਂ ਪ੍ਰਭਾਵਿਤ ਮਰੀਜ਼ ਜ਼ਿਆਦਾ ਹਨ।
ਉਨਾਂ ਕਿਹਾ ਕਿ ਸੂਬੇ ਦੇ 36000 ਤੋਂ ਵਧੇਰੇ ਕੇਸਾਂ ਦਾ ਵੱਡਾ ਹਿੱਸਾ ਚਾਰ ਜ਼ਿਲਿਆਂ ਅੰਮਿ੍ਰਤਸਰ, ਜਲੰਧਰ, ਪਟਿਆਲਾ ਅਤੇ ਲੁਧਿਆਣਾ ਨਾਲ ਸਬੰਧਤ ਹੈ ਜਿਸ ਕਰਕੇ ਇਨਾਂ ਖੇਤਰਾਂ ਵਿੱਚ ਮਰੀਜ਼ਾਂ ਦੇ ਸੰਪਰਕ ਵਾਲੇ ਵਿਅਕਤੀਆਂ ਦਾ ਪਤਾ ਲਗਾਉਣ ਦੇ ਕੰਮ ਨੂੰ ਹੋਰ ਮਜ਼ਬੂਤ ਕਰਨ ਦੀ ਜ਼ਰੂਰਤ ਹੈ।
ਸਕੱਤਰ ਸਿਹਤ ਵਿਭਾਗ ਹੁਸਨ ਲਾਲ ਨੇ ਦੱਸਿਆ ਕਿ ਟੈਸਟ ਸਮਰੱਥਾ ਕਰੀਬ 20,000 ਤੱਕ ਵੱਧ ਚੁੱਕੀ ਹੈ ਅਤੇ 11 ਤੋਂ 18 ਅਗਸਤ ਦੇ ਹਫਤੇ ਦੌਰਾਨ ਪਾਜ਼ੇਟਿਵ ਨਿਕਲਣ ਦੀ ਦਰ ਥੋੜੀ ਘੱਟ ਕੇ 8.05 ਫੀਸਦ ਹੋਈ ਹੈ ਜੋ ਕਿ 3 ਤੋਂ 10 ਅਗਸਤ ਤੱਕ 9.31 ਫੀਸਦ ਸੀ।