ਕਪੂਰਥਲਾ | ਪਿੰਡ ਜਲਾਲ ਭੁਲਾਣਾ ਦੇ ਇਕ ਨੌਜਵਾਨ ਦੀ ਅਮਰੀਕਾ ’ਚ ਮੌਤ ਹੋਣ ਦੀ ਮੰਦਭਾਗੀ ਖ਼ਬਰ ਮਿਲੀ ਹੈ। ਜਾਣਕਾਰੀ ਅਨੁਸਾਰ ਗੈਸ ਸਟੇਸ਼ਨ ਦੇ ਸਟੋਰ ’ਤੇ ਕੰਮ ਕਰਦੇ ਸਮੇਂ ਲੁਟੇਰਿਆਂ ਵਲੋਂ 30 ਸਾਲ ਦੇ ਪੰਜਾਬੀ ਨੌਜਵਾਨ ਨੂੰ ਗੋਲੀ ਮਾਰ ਕੇ ਮੌਤ ਦੇ ਘਾਟ ਉਤਾਰ ਦਿੱਤਾ ਗਿਆ। ਵਾਰਦਾਤ ਦੀਆਂ ਸੀਸੀਟੀਵੀ ਤਸਵੀਰਾਂ ਵੀ ਸਾਹਮਣੇ ਆਈਆਂ ਹਨ। ਇਸ ਘਟਨਾ ਤੋਂ ਬਾਅਦ ਪੂਰੇ ਪਿੰਡ ਵਿਚ ਸੋਗ ਦੀ ਲਹਿਰ ਦੌੜ ਹੈ।

ਪਰਿਵਾਰ ਅਨੁਸਾਰ ਨਵਜੋਤ ਸਿੰਘ ਅਜੇ ਕੁਆਰਾ ਸੀ ਅਤੇ ਪਿਛਲੇ ਸਾਲ ਹੀ ਅਮਰੀਕਾ ਗਿਆ ਸੀ। ਜਿਥੇ ਉਹ ਵਾਸ਼ਿੰਗਟਨ ਸਟੇਟ ਦੇ ਵੈਨਕੂਵਰ ਸ਼ਹਿਰ ਵਿਚ ਇਕ ਗੈਸ ਸਟੇਸ਼ਨ ਦੇ ਸਟੋਰ ’ਤੇ ਕੰਮ ਕਰ ਰਿਹਾ ਸੀ। ਸਟੋਰ ‘ਤੇ ਕੰਮ ਦੌਰਾਨ ਲੁਟੇਰਿਆਂ ਨੇ ਲੁੱਟ ਦੀ ਵਾਰਦਾਤ ਨੂੰ ਅੰਜਾਮ ਦਿੰਦਿਆਂ ਉਸ ਨੂੰ ਗੋਲੀ ਮਾਰੀ।

ਇਸ ਦੌਰਾਨ ਨਵਜੋਤ ਸਿੰਘ ਦੀ ਮੌਕੇ ’ਤੇ ਹੀ ਮੌਤ ਹੋ ਗਈ। ਮ੍ਰਿਤਕ ਨਵਜੋਤ ਸਿੰਘ ਦਾ ਦੂਜਾ ਭਰਾ ਵੀ ਵਿਦੇਸ਼ ਵਿਚ ਪੜ੍ਹਾਈ ਕਰ ਰਿਹਾ ਹੈ। ਪੀੜਤ ਪਰਿਵਾਰ ਨੇ ਰਾਜ ਸਭਾ ਮੈਂਬਰ ਸੰਤ ਬਲਬੀਰ ਸਿੰਘ ਸੀਚੇਵਾਲ ਨਾਲ ਮੁਲਾਕਾਤ ਕੀਤੀ ਅਤੇ ਨਵਜੋਤ ਸਿੰਘ ਦੀ ਦੇਹ ਭਾਰਤ ਲਿਆਉਣ ਲਈ ਮਦਦ ਦੀ ਗੁਹਾਰ ਲਗਾਈ।