ਅੰਮ੍ਰਿਤਸਰ | ਜ਼ਿਲ੍ਹੇ ਦੇ ਇਲਾਕੇ ਅਜਨਾਲਾ ‘ਚ ਸਥਿਤ ਲਕਸ਼ਮੀ ਨਰਾਇਣ ਮੰਦਿਰ ਵਿੱਚ ਬੀਤੀ ਰਾਤ ਨੂੰ ਕੁਝ ਅਣਪਛਾਤੇ ਵਿਅਕਤੀਆਂ ਨੇ ਮੂਰਤੀਆਂ ਨਾਲ ਛੇੜਛਾੜ ਕਰਕੇ ਪੈਸੇ ਚੋਰੀ ਕਰ ਲਏ।

ਇੰਨਾ ਹੀ ਨਹੀਂ, ਮੰਦਿਰ ਦੀ ਅਲਮਾਰੀ ‘ਚ ਪਈਆਂ ਧਾਰਮਿਕ ਪੁਸਤਕਾਂ ਦੀ ਵੀ ਬੇਅਦਬੀ ਕੀਤੀ ਗਈ, ਜਿਸ ਤੋਂ ਬਾਅਦ ਅਜਨਾਲਾ ਦੀਆਂ ਹਿੰਦੂ ਜਥੇਬੰਦੀਆਂ ਭੜਕ ਗਈਆਂ ਹਨ ਤੇ ਉਨ੍ਹਾਂ ਨੇ ਆਰੋਪੀਆਂ ਨੂੰ ਫੜਨ ਲਈ ਪੁਲਿਸ ਨੂੰ 2 ਦਿਨ ਦਾ ਸਮਾਂ ਦਿੱਤਾ ਹੈ। ਜੇਕਰ ਆਰੋਪੀ ਨਾ ਫੜੇ ਗਏ ਤਾਂ 2 ਦਿਨਾਂ ਬਾਅਦ ਅਜਨਾਲਾ ‘ਚ ਪ੍ਰਦਰਸ਼ਨ ਕੀਤਾ ਜਾਵੇਗਾ।

ਅਜਨਾਲਾ ਦੀ ਗਊਸ਼ਾਲਾ ਦੇ ਸੰਚਾਲਕ ਅਸ਼ਵਨੀ ਕੁਮਾਰ ਨੇ ਦੱਸਿਆ ਕਿ ਰਾਤ ਸਮੇਂ ਕੁਝ ਅਣਪਛਾਤਿਆਂ ਨੇ ਲਕਸ਼ਮੀ ਨਰਾਇਣ ਮੰਦਿਰ ਵਿੱਚ ਦਾਖ਼ਲ ਹੋ ਕੇ ਮੂਰਤੀਆਂ ਨੂੰ ਤੋੜ ਕੇ ਬੇਅਦਬੀ ਕੀਤੀ। ਸ਼੍ਰੀ ਕ੍ਰਿਸ਼ਨ ਦੇ ਬਾਲ ਰੂਪ ਨੂੰ ਵੀ ਜ਼ਮੀਨ ‘ਤੇ ਸੁੱਟ ਦਿੱਤਾ।

ਇੰਨਾ ਹੀ ਨਹੀਂ, ਅਲਮਾਰੀ ‘ਚ ਰੱਖੀਆਂ ਧਾਰਮਿਕ ਪੁਸਤਕਾਂ ਨੂੰ ਵੀ ਜ਼ਮੀਨ ‘ਤੇ ਸੁੱਟ ਦਿੱਤਾ ਗਿਆ, ਜਿਸ ਨੂੰ ਲੈ ਕੇ ਹਿੰਦੂ ਸਮਾਜ ‘ਚ ਰੋਸ ਹੈ। ਮੰਦਿਰ ਦੇ ਪੰਡਿਤ ਸਵਾਮੀ ਸੱਤਿਆ ਪ੍ਰਕਾਸ਼ ਨੇ ਦੱਸਿਆ ਕਿ ਜਦੋਂ ਉਹ ਮੰਦਿਰ ਆਏ ਤਾਂ ਦਰਵਾਜ਼ਾ ਬਾਹਰੋਂ ਬੰਦ ਸੀ।

ਉਸ ਨੇ ਸਾਹਮਣੇ ਵਾਲੇ ਘਰ ‘ਚ ਆਵਾਜ਼ ਮਾਰੀ ਤਾਂ ਘਰ ਦੇ ਬਾਹਰ ਵੀ ਤਾਲਾ ਲੱਗਾ ਹੋਇਆ ਸੀ। ਅਖੀਰ ਇਕ ਰਾਹਗੀਰ ਦੀ ਮਦਦ ਨਾਲ ਤਾਲੇ ਖੋਲ੍ਹੇ ਗਏ ਤੇ ਜਦੋਂ ਉਹ ਮੰਦਿਰ ਪਹੁੰਚੇ ਤਾਂ ਨਜ਼ਾਰਾ ਦੇਖ ਕੇ ਹੈਰਾਨ ਰਹਿ ਗਏ। ਚੋਰ ਗੋਲਕ ਵਿੱਚ ਰੱਖੀ 25 ਹਜ਼ਾਰ ਰੁਪਏ ਦੀ ਨਕਦੀ ਵੀ ਚੋਰੀ ਕਰਕੇ ਲੈ ਗਏ।

ਆਰੋਪੀਆਂ ਨੂੰ 2 ਦਿਨਾਂ ‘ਚ ਗ੍ਰਿਫ਼ਤਾਰ ਨਾ ਕੀਤਾ ਤਾਂ ਕਰ ਲਵਾਂਗਾ ਆਤਮਦਾਹ : ਅਸ਼ਵਨੀ ਕੁਮਾਰ

ਅਜਨਾਲਾ ਦੇ ਮੰਦਿਰ ਵਿੱਚ ਹੋਈ ਬੇਅਦਬੀ ਦੀ ਘਟਨਾ ਤੋਂ ਬਾਅਦ ਹਿੰਦੂਆਂ ਵਿੱਚ ਰੋਸ ਹੈ। ਅਸ਼ਵਨੀ ਕੁਮਾਰ ਨੇ ਚਿਤਾਵਨੀ ਦਿੱਤੀ ਕਿ ਜੇਕਰ ਪੁਲਿਸ ਨੇ 2 ਦਿਨਾਂ ਵਿੱਚ ਆਰੋਪੀਆਂ ਨੂੰ ਗ੍ਰਿਫ਼ਤਾਰ ਨਾ ਕੀਤਾ ਤਾਂ ਉਹ ਆਤਮਦਾਹ ਕਰ ਲਵੇਗਾ।

ਇਸ ਤੋਂ ਇਲਾਵਾ ਜੇਕਰ 2 ਦਿਨਾਂ ਵਿੱਚ ਆਰੋਪੀਆਂ ਨੂੰ ਸਾਹਮਣੇ ਨਾ ਲਿਆਂਦਾ ਗਿਆ ਤਾਂ ਅਜਨਾਲਾ ਨੂੰ ਮੁਕੰਮਲ ਤੌਰ ’ਤੇ ਬੰਦ ਕਰ ਦਿੱਤਾ ਜਾਵੇਗਾ ਤੇ ਥਾਣੇ ਦਾ ਘਿਰਾਓ ਵੀ ਕੀਤਾ ਜਾਵੇਗਾ।