ਖਨੌਰੀ ਬਾਰਡਰ, 27 ਫਰਵਰੀ | ਇਥੋਂ ਇਕ ਹੋਰ ਦੁਖਦਾਈ ਖਬਰ ਸਾਹਮਣੇ ਆਈ ਹੈ। ਦਿੱਲੀ ਚੱਲੋ ਮਾਰਚ ਦੇ ਮੱਦੇਨਜ਼ਰ ਪੰਜਾਬ-ਹਰਿਆਣਾ ਦੀਆਂ ਹੱਦਾਂ ਉਤੇ ਲੱਗੇ ਕਿਸਾਨ ਮੋਰਚੇ ਦਾ ਅੱਜ 16ਵਾਂ ਦਿਨ ਹੈ। ਇਸ ਦੌਰਾਨ ਪੰਜਾਬ-ਹਰਿਆਣਾ ਦੀ ਖਨੌਰੀ ਹੱਦ ਉਤੇ ਡਟੇ ਇਕ ਹੋਰ ਕਿਸਾਨ ਦੀ ਮੌਤ ਹੋ ਗਈ ਹੈ। ਜਾਣਕਾਰੀ ਅਨੁਸਾਰ 55 ਸਾਲ ਦੇ ਕਿਸਾਨ ਕਰਨੈਲ ਸਿੰਘ ਦੀ ਮੋਰਚੇ ਦੌਰਾਨ ਦਿਲ ਦਾ ਦੌਰਾ ਪੈਣ ਕਾਰਨ ਮੌਤ ਹੋ ਗਈ।

ਦੱਸਿਆ ਜਾ ਰਿਹਾ ਹੈ ਕਿ ਪਟਿਆਲਾ ਦੇ ਪਿੰਡ ਆਰਨੋਂ ਵਾਸੀ ਕਿਸਾਨ ਕਰਨੈਲ ਸਿੰਘ ਕਈ ਦਿਨਾਂ ਤੋਂ ਮੋਰਚੇ ਉਤੇ ਡਟਿਆ ਹੋਇਆ ਸੀ। ਇਸ ਮੋਰਚੇ ਦੇ ਚਲਦਿਆਂ ਹੁਣ ਤਕ 6 ਕਿਸਾਨਾਂ ਦੀ ਮੌਤ ਹੋ ਚੁੱਕੀ ਹੈ। ਪਟਿਆਲਾ ਦੇ ਅਰਨੋ ਪਿੰਡ ਦਾ ਰਹਿਣ ਵਾਲਾ ਕਰਨੈਲ ਸਿੰਘ 13 ਫਰਵਰੀ ਤੋਂ ਹੀ ਖਨੌਰੀ ਬਾਰਡਰ ‘ਤੇ ਡਟਿਆ ਹੋਇਆ ਸੀ। ਬੀਤੇ ਦਿਨ ਕਰਨੈਲ ਦੀ ਸਿਹਤ ਖ਼ਰਾਬ ਹੋ ਗਈ, ਜਿਸ ਤੋਂ ਬਾਅਦ ਉਸ ਨੂੰ ਹਸਪਤਾਲ ਦਾਖ਼ਲ ਕਰਵਾਇਆ ਗਿਆ, ਜਿਥੇ ਉਸ ਨੇ ਦਮ ਤੋੜ ਦਿੱਤਾ।