ਦੇਵਾਸ | ਆਨਲਾਈਨ ਗੇਮ PUBG ਦਾ ਬੱਚਿਆਂ ‘ਤੇ ਅਜਿਹਾ ਨਸ਼ਾ ਚੜ੍ਹਿਆ ਹੈ, ਜਿਸ ਕਾਰਨ ਉਨ੍ਹਾਂ ਨੂੰ ਆਪਣੀ ਜਾਨ ਤੋਂ ਵੀ ਹੱਥ ਧੋਣਾ ਪੈ ਰਿਹਾ ਹੈ। ਮੋਬਾਇਲ ‘ਤੇ ਪਬਜੀ ਨੇ ਮੱਧ ਪ੍ਰਦੇਸ਼ ਦੇ ਦੇਵਾਸ ‘ਚ 18 ਸਾਲਾ ਲੜਕੇ ਦੀ ਜਾਨ ਲੈ ਲਈ। ਮ੍ਰਿਤਕ ਦਾ ਨਾਂ ਦੀਪਕ ਦੱਸਿਆ ਜਾ ਰਿਹਾ ਹੈ।

ਘਟਨਾ ਦੇਵਾਸ ਦੇ ਉਦਯੋਗਿਕ ਖੇਤਰ ਸ਼ਾਂਤੀ ਨਗਰ ਦੀ ਹੈ। 11ਵੀਂ ਕਲਾਸ ਦਾ ਵਿਦਿਆਰਥੀ ਦੀਪਕ ਗੇਮ ਖੇਡਦਾ ਅਚਾਨਕ ਚੀਕਿਆ ਤੇ ਉਸ ਤੋਂ ਬਾਅਦ ਉਸ ਦੀ ਮੌਤ ਹੋ ਗਈ।

ਦੱਸਿਆ ਜਾ ਰਿਹਾ ਹੈ ਕਿ ਦੀਪਕ ਇਕ ਪੈਰ ਤੋਂ ਅਪਾਹਜ ਸੀ ਤੇ ਹਾਲ ਹੀ ‘ਚ ਉਸ ਨੇ 10ਵੀਂ ਜਮਾਤ ਪਾਸ ਕੀਤੀ ਸੀ। ਜਾਣਕਾਰੀ ਮੁਤਾਬਕ ਦੀਪਕ ਆਪਣੇ ਘਰ ਵਿੱਚ ਮੋਬਾਇਲ ‘ਤੇ PUBG ਗੇਮ ਖੇਡ ਰਿਹਾ ਸੀ, ਉਦੋਂ ਉਹ ਅਚਾਨਕ ਜ਼ੋਰ ਨਾਲ ਚੀਕਿਆ ਤੇ ਹੇਠਾਂ ਡਿੱਗ ਗਿਆ। ਇਸ ਤੋਂ ਬਾਅਦ ਪਰਿਵਾਰ ਵਾਲੇ ਉਸ ਨੂੰ ਹਸਪਤਾਲ ਲੈ ਕੇ ਗਏ ਪਰ ਉਦੋਂ ਤੱਕ ਉਸ ਦੀ ਮੌਤ ਹੋ ਗਈ ਸੀ।

ਉਦਯੋਗਿਕ ਖੇਤਰ ਥਾਣੇ ਦੀ ਪੁਲਿਸ ਨੇ ਮੌਤ ਦੇ ਇਸ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ। ਫਿਲਹਾਲ ਲਾਸ਼ ਨੂੰ ਜ਼ਿਲਾ ਹਸਪਤਾਲ ‘ਚ ਪੋਸਟਮਾਰਟਮ ਲਈ ਰੱਖਿਆ ਗਿਆ ਹੈ। ਰਿਪੋਰਟ ਆਉਣ ਤੋਂ ਬਾਅਦ ਹੀ ਸਥਿਤੀ ਸਪੱਸ਼ਟ ਹੋ ਸਕੇਗੀ ਕਿ ਲੜਕੇ ਦੀ ਮੌਤ ਕਿਵੇਂ ਹੋਈ।