ਮੋਗਾ, 11 ਮਾਰਚ | ਪਿੰਡ ਹਿੰਮਤਪੁਰਾ ਵਾਸੀ ਹਰਦੀਪ ਸਿੰਘ ਵੱਲੋਂ ਆਪਣੀ ਸਾਲੀ ਦਾ ਗਲ ਘੁੱਟ ਕੇ ਕਤਲ ਕਰ ਦਿੱਤਾ ਗਿਆ। ਸੂਤਰਾਂ ਮੁਤਾਬਕ ਹਰਦੀਪ ਸਿੰਘ ਦੇ ਸਾਲੀ ਸ਼ਰਨਜੀਤ ਕੌਰ ਨਾਲ ਨਾਜਾਇਜ਼ ਸਬੰਧ ਸਨ, ਜਿਸ ਕਰਕੇ ਹਰਦੀਪ ਸਿੰਘ ਸਾਲ਼ੀ ਸ਼ਰਨਜੀਤ ਕੌਰ ਨਾਲ ਵਿਆਹ ਕਰਾਉਣਾ ਚਾਹੁੰਦਾ ਸੀ ਪਰ ਉਸ ਨੇ ਵਿਆਹ ਤੋਂ ਇਨਕਾਰ ਕਰ ਦਿੱਤਾ ਤਾਂ ਗੁੱਸੇ ’ਚ ਆਏ ਹਰਦੀਪ ਸਿੰਘ ਨੇ ਆਪਣੇ ਸਿਰ ਦੇ ਪਰਨੇ ਨਾਲ ਸ਼ਰਨਜੀਤ ਕੌਰ ਦਾ ਗਲਾ ਘੁੱਟ ਕੇ ਉਸ ਦਾ ਕਤਲ ਕਰ ਦਿੱਤਾ, ਜਿਸ ਤੋਂ ਬਾਅਦ ਘਰਦਿਆਂ ਨੂੰ ਕਿਹਾ ਕਿ ਇਸ ਨੂੰ ਹਾਰਟ ਅਟੈਕ ਆ ਗਿਆ ਹੈ ਅਤੇ ਮੁੜ ਕੇ ਆਪਣੇ ਸਹੁਰੇ ਭੈਣੀ ਵਾਹੀਆ ਬਰਨਾਲੇ ਲੈ ਗਿਆ, ਜਿੱਥੇ ਪਰਿਵਾਰ ਨੂੰ ਵਿਸ਼ਵਾਸ ਦਿਵਾਇਆ ਕਿ ਸ਼ਰਨਜੀਤ ਕੌਰ ਨੂੰ ਦਿਲ ਦਾ ਦੌਰਾ ਪਿਆ ਹੈ, ਜਿਸ ਤੋਂ ਬਾਅਦ ਪਰਿਵਾਰ ਨੇ ਸ਼ਰਨਜੀਤ ਕੌਰ ਦਾ ਸਸਕਾਰ ਕਰ ਦਿੱਤਾ ਅਤੇ ਫੁੱਲ ਵੀ ਚੁਗ ਲਏ ਗਏ।
ਇਸ ਸਨਸਨੀਖੇਜ਼ ਵਾਰਦਾਤ ਦਾ ਖੁਲਾਸਾ ਉਦੋਂ ਹੋਇਆ ਜਦੋਂ ਹਰਦੀਪ ਸਿੰਘ ਅੰਮ੍ਰਿਤਸਰ ਏਅਰਪੋਰਟ ’ਤੇ ਪਹੁੰਚ ਗਿਆ ਅਤੇ ਉਸ ਨੇ ਜਹਾਜ਼ ਦੇ ਸਾਹਮਣੇ ਖੜ੍ਹੇ ਹੋ ਕੇ ਇਕ ਤਸਵੀਰ ਖਿੱਚੀ ਅਤੇ ਸਹੁਰੇ ਪਰਿਵਾਰ ਨੂੰ ਵਟਸਐਪ ਰਾਹੀਂ ਭੇਜ ਦਿੱਤੀ ਅਤੇ ਲਿਖਿਆ ‘ਯਾਰ ਤਾਂ ਚੱਲੇ ਬਾਹਰ’ ਜਿਸ ਤੋਂ ਬਾਅਦ ਪਰਿਵਾਰ ਨੂੰ ਸ਼ੱਕ ਹੋਇਆ ਕਿ ਅਜੇ ਤਾਂ ਭੋਗ ਵੀ ਨਹੀਂ ਪਿਆ ਤੇ ਇਹ ਬਾਹਰ ਵੀ ਚੱਲਿਆ ਹੈ। ਪਰਿਵਾਰ ਨੂੰ ਸ਼ੱਕ ਹੋਇਆ ਕਿ ਸਾਡੀ ਲੜਕੀ ਦਾ ਕਤਲ ਹੋਇਆ ਹੈ। ਫਿਰ ਥੋੜ੍ਹੇ ਦਿਨਾਂ ਬਾਅਦ ਹਰਦੀਪ ਆਪਣੇ ਸਹੁਰੇ ਗਿਆ ਅਤੇ ਕਹਿਣ ਲੱਗਾ ਕਿ ਮੇਰੇ ਤੋਂ ਗਲਤੀ ਹੋਈ ਹੈ।
ਹਰਦੀਪ ਨੇ ਕਿਹਾ ਕਿ ਸ਼ਰਨਜੀਤ ਕੌਰ ਦਾ ਕਤਲ ਮੈਂ ਹੀ ਕੀਤਾ ਹੈ, ਹੁਣ ਤੁਸੀਂ ਮੈਨੂੰ ਮਾਫ ਕਰ ਦਿਓ ਜੋ ਕੁਝ ਹੋਇਆ ਗੁੱਸੇ ਵਿਚ ਹੋ ਗਿਆ। ਮੈਂ ਉਸ ਨਾਲ ਵਿਆਹ ਕਰਾਉਣਾ ਚਾਹੁੰਦਾ ਸੀ ਪਰ ਉਸ ਨੇ ਇਨਕਾਰ ਕਰ ਦਿੱਤਾ, ਜਿਸ ਤੋਂ ਬਾਅਦ ਮੈਂ ਗੁੱਸੇ ਵਿਚ ਆ ਕੇ ਉਸ ਦਾ ਗਲ਼ਾ ਘੁੱਟ ਦਿੱਤਾ। ਹੁਣ ਤੁਸੀਂ ਇਸ ਗੱਲ ’ਤੇ ਮਿੱਟੀ ਪਾਓ ਨਹੀਂ ਤਾਂ ਤੁਹਾਡੀ ਲੜਕੀ ਅਮਨ ਕੌਰ ਦਾ ਵੀ ਘਰ ਬਰਬਾਦ ਹੋ ਜਾਵੇਗਾ ਅਤੇ ਮੇਰੇ ਬੱਚੇ ਬੇਸਹਾਰਾ ਹੋ ਜਾਣਗੇ। ਇਸ ਤੋਂ ਬਾਅਦ ਪਰਿਵਾਰ ਨੇ ਸਾਰੀ ਗੱਲ ਪੁਲਿਸ ਨੂੰ ਦੱਸੀ । ਪੁਲਿਸ ਵੱਲੋਂ ਦੋਸ਼ੀ ਹਰਦੀਪ ਸਿੰਘ ਨੂੰ ਗ੍ਰਿਫ਼ਤਾਰ ਕਰ ਲਿਆ, ਜਿਸ ’ਤੇ ਮੁਕੱਦਮਾ ਦਰਜ ਕਰ ਕੇ ਅੱਜ ਉਸ ਨੂੰ ਅਦਾਲਤ ‘ਚ ਪੇਸ਼ ਕੀਤਾ ਜਾਵੇਗਾ।