ਅੰਮ੍ਰਿਤਸਰ, 26 ਸਤੰਬਰ | ਝਬਾਲ ਰੋਡ ‘ਤੇ ਸਥਿਤ ਮੂਲੇ ਚੱਕ ਪਿੰਡ ਵਿਚ ਉਸ ਸਮੇਂ ਹਾਦਸਾ ਵਾਪਰ ਗਿਆ ਜਦੋਂ ਬਾਬਾ ਬੁੱਢਾ ਸਾਹਿਬ ਤੋਂ ਮੱਥਾ ਟੇਕ ਕੇ ਆ ਰਹੇ ਇੱਕ ਪਰਿਵਾਰ ਦੀ ਕਾਰ ਹਾਦਸਾਗ੍ਰਸਤ ਹੋ ਗਈ । ਜਾਣਕਾਰੀ ਮੁਤਾਬਕ ਇੱਕ ਕਾਰ ਮੂਲੇ ਚੱਕ ਪਿੰਡ ‘ਚੋਂ ਨਿਕਲਦੀ ਨਹਿਰ ਦੇ ਸੂਏ ‘ਚ ਜਾ ਡਿੱਗੀ।

ਇਸ ਹਾਦਸੇ ਦੌਰਾਨ ਕੋਈ ਵੀ ਜਾਨੀ ਨੁਕਸਾਨ ਨਹੀਂ ਹੋਇਆ ਪਰ ਕਾਰ ਦੇ ਪਰਖੱਚੇ ਤੱਕ ਉੱਡ ਗਏ। ਇਸ ਦੌਰਾਨ ਪਿੰਡ ਦੇ ਹੀ ਲੋਕਾਂ ਨੇ ਦੱਸਿਆ ਕਿ ਇਹ ਮੂਲ ਚੱਕ ਪਿੰਡ ਤੋਂ ਝਬਾਲ ਰੋਡ ਦੇ ਨਾਲ ਜੋੜਦੀ ਪਿੰਡ ਦੀ ਇਕਲੌਤੀ ਸੜਕ ਹੈ ਲੇਕਿਨ ਇਸ ‘ਤੇ ਨਹਿਰ ਦੇ ਸੂਏ ਦਾ ਪੁਲ ਬਹੁਤਾ ਹੀ ਭੀੜਾ ਹੈ, ਜਿਸ ਕਾਰਨ ਆਏ ਦਿਨ ਹੀ ਹਾਦਸੇ ਵਾਪਰਨ ਦਾ ਡਰ ਰਹਿੰਦਾ ਹੈ। ਉਨ੍ਹਾਂ ਕਿਹਾ ਕਿ ਇਸ ਹਾਦਸੇ ਵਿਚ ਕੋਈ ਜਾਨੀ ਨੁਕਸਾਨ ਤਾਂ ਨਹੀਂ ਹੋਇਆ ਲੇਕਿਨ ਅਸੀਂ ਫਿਰ ਵੀ ਪ੍ਰਸ਼ਾਸਨ ਤੋਂ ਮੰਗ ਕਰਦੇ ਹਾਂ ਕਿ ਇਸ ਪੁਲ ਨੂੰ ਥੋੜਾ ਚੌੜਾ ਕੀਤਾ ਜਾਵੇ।

ਦੂਜੇ ਪਾਸੇ ਇਸ ਸੰਬੰਧੀ ਮੌਕੇ ‘ਤੇ ਪਹੁੰਚੇ ਪੁਲਿਸ ਅਧਿਕਾਰੀਆਂ ਨਾਲ ਜਦੋਂ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਨੇ ਦੱਸਿਆ ਕਿ ਪਿੰਡ ਮੂਲੇ ਚੱਕ ਦਾ ਇੱਕ ਪਰਿਵਾਰ ਨਵੀਂ ਕਾਰ ਖਰੀਦ ਕੇ ਮੱਥਾ ਟੇਕਣ ਲਈ ਬਾਬਾ ਬੁੱਢਾ ਸਾਹਿਬ ਗੁਰਦੁਆਰੇ ਵਿਚ ਗਿਆ ਸੀ ਤੇ ਜਦੋਂ ਉਹ ਵਾਪਸ ਆਪਣੇ ਪਿੰਡ ਪਹੁੰਚੇ ਤਾਂ ਉਦੋਂ ਮੂਲੇ ਚੱਕ ਨਹਿਰ ਦੇ ਸੂਏ ‘ਤੇ ਅੱਗੋਂ ਆ ਰਹੇ ਮੋਟਰਸਾਈਕਲ ਕਾਰਨ ਉਨ੍ਹਾਂ ਦੀ ਕਾਰ ਦਾ ਸੰਤੁਲਨ ਵਿਗੜ ਗਿਆ ਤੇ ਕਾਰ ਨਹਿਰ ਦੇ ਸੂਏ ਵਿਚ ਜਾ ਡਿੱਗੀ ਪਰ ਇਸ ਵਿਚ ਕੋਈ ਵੀ ਜਾਨੀ ਨੁਕਸਾਨ ਨਹੀਂ ਹੋਇਆ ਤੇ ਦੂਜੇ ਪਾਸੇ ਪਰਿਵਾਰ ਵੱਲੋਂ ਵੀ ਕਿਸੇ ਤਰੀਕੇ ਦੀ ਕੋਈ ਕਾਰਵਾਈ ਨਹੀਂ ਕਰਵਾਈ ਜਾ ਰਹੀ।