ਅੰਮ੍ਰਿਤਸਰ, 2 ਫਰਵਰੀ | ਥਾਣਾ ਗੇਟ ਹਕੀਮਾਂ ਕੋਲ ਆਂਡਿਆਂ ਦੀ ਰੇਹੜੀ ਲਗਾਉਂਦੇ ਵਿਅਕਤੀ ਦਾ ਮੋਟਰਸਾਈਕਲ ਸਵਾਰ 3 ਅਣਪਛਾਤੇ ਨੌਜਵਾਨਾਂ ਵੱਲੋਂ ਗੋਲੀਆਂ ਮਾਰ ਕੇ ਮਰਡਰ ਕਰ ਦਿੱਤਾ ਗਿਆ, ਉਸ ਨੂੰ ਸਿਵਲ ਹਸਪਤਾਲ ਵਿਚ ਦਾਖਲ ਕਰਵਾਇਆ ਗਿਆ ਜਿਥੇ ਉਸਦੀ ਇਲਾਜ ਦੌਰਾਨ ਮੌਤ ਹੋ ਗਈ। ਲੋਕਾਂ ਨੇ ਦੱਸਿਆ ਕਿ 3 ਨੌਜਵਾਨ ਇਕ ਮੋਟਰਸਾਈਕਲ ਉਤੇ ਸਵਾਰ ਹੋ ਕੇ ਆਏ ਜਿਨ੍ਹਾਂ ਵੱਲੋਂ ਅੰਨ੍ਹੇਵਾਹ ਗੋਲੀਆਂ ਚਲਾਈਆਂ ਗਈਆਂ ਤੇ ਜਸਪਾਲ ਸਿੰਘ ਨੂੰ 3 ਦੇ ਕਰੀਬ ਗੋਲੀਆਂ ਲੱਗੀਆਂ, ਜਿਸ ਦੇ ਚਲਦੇ ਉਸ ਨੂੰ ਸਿਵਲ ਹਸਪਤਾਲ ਵਿਚ ਇਲਾਜ ਲਈ ਭੇਜਿਆ ਗਿਆ।

ਲਿੰਕ ‘ਤੇ ਕਲਿੱਕ ਕਰਕੇ ਵੇਖੋ ਵੀਡੀਓ

https://www.facebook.com/punjabibulletinworld/videos/2018862008499918

ਦੱਸਿਆ ਜਾ ਰਿਹਾ ਹੈ ਕਿ ਇਲਾਜ ਦੌਰਾਨ ਉਸ ਦੀ ਮੌਤ ਹੋ ਗਈ। ਉਸ ਦੇ ਪਰਿਵਾਰਕ ਮੈਂਬਰਾਂ ਨੂੰ ਇਸ ਦੀ ਸੂਚਨਾ ਦੇ ਦਿੱਤੀ ਹੈ। ਉਥੇ ਹੀ ਮੌਕੇ ਉਤੇ ਪੁੱਜੇ ਪੁਲਿਸ ਅਧਿਕਾਰੀ ਮੈਡਮ ਰਾਜਵਿੰਦਰ ਕੌਰ ਨੇ ਕਿਹਾ ਕਿ ਜਸਪਾਲ ਸਿੰਘ ਸਕੂਲ ਦੇ ਬਾਹਰ ਆਂਡਿਆਂ ਦੀ ਰੇਹੜੀ ਲਗਾਉਂਦਾ ਸੀ, ਕੁਝ ਅਣਪਛਾਤੇ ਨੌਜਵਾਨਾਂ ਨੇ ਉਸ ਨੂੰ ਗੋਲੀਆਂ ਮਾਰ ਦਿੱਤੀਆਂ, ਜਿਸ ਕਾਰਨ ਉਸ ਦੀ ਮੌਤ ਹੋ ਗਈ। ਪਰਿਵਾਰਕ ਮੈਂਬਰਾਂ ਨੂੰ ਬੁਲਾ ਕੇ ਉਨ੍ਹਾਂ ਦੇ ਬਿਆਨਾਂ ਤੋਂ ਬਾਅਦ ਬਣਦੀ ਕਾਰਵਾਈ ਹੋਵੇਗੀ।

ਉਥੇ ਮ੍ਰਿਤਕ ਜਸਪਾਲ ਦੀ ਲੜਕੀ ਸੁਮਨ ਨੇ ਕਿਹਾ ਕਿ ਅੰਮ੍ਰਿਤਸਰ ਦੇ ਸਾਂਸਦ ਗੁਰਜੀਤ ਸਿੰਘ ਔਜਲੇ ਦੇ ਪੀਏ ਨੇ ਨੌਕਰੀ ਲਗਵਾਉਣ ਲਈ ਉਨ੍ਹਾਂ ਕੋਲੋਂ 2 ਲੱਖ ਰੁਪਏ ਲਏ ਸਨ ਤੇ ਉਹ ਹੁਣ ਧਮਕੀਆਂ ਦਿੰਦਾ ਸੀ ਜਦੋਂ ਅਸੀਂ ਪੈਸੇ ਵਾਪਸ ਮੰਗੇ, ਉਸ ਵੱਲੋਂ ਕੋਈ ਨੌਕਰੀ ਵੀ ਨਹੀਂ ਲਗਾਈ ਗਈ, ਇਸ ਨੂੰ ਲੈ ਕੇ ਅਸੀਂ ਸਾਂਸਦ ਔਜਲੇ ਕੋਲ ਵੀ ਗਏ ਪਰ ਉਸ ਨੇ ਵੀ ਸਾਡੀ ਕੋਈ ਸੁਣਵਾਈ ਨਹੀਂ ਕੀਤੀ। ਉਸਨੇ ਦੱਸਿਆ ਕਿ ਸਾਡੇ ਕੋਲੋਂ 2 ਚੈੱਕ ਵੀ ਲਏ ਗਏ। ਉਸ ਵੱਲੋਂ ਮੇਰੇ ਪਿਤਾ ਜੀ ‘ਤੇ ਗੋਲੀਆਂ ਚਲਾ ਕੇ ਉਨ੍ਹਾਂ ਨੂੰ ਮੌਤ ਦੇ ਘਾਟ ਉਤਾਰ ਦਿੱਤਾ ਗਿਆ ਪਰ ਪੁਲਿਸ ਨੇ ਕੋਈ ਸੁਣਵਾਈ ਨਹੀਂ ਕੀਤੀ। ਜੇਕਰ ਪੁਲਿਸ ਨੇ ਪਹਿਲਾਂ ਸੁਣਵਾਈ ਕੀਤੀ ਹੁੰਦੀ ਤਾਂ ਅੱਜ ਇਹ ਨੌਬਤ ਨਹੀਂ ਆਉਣੀ ਸੀ।