ਅੰਮ੍ਰਿਤਸਰ| ਪੰਜਾਬ ਵਿੱਚ ਅੰਮ੍ਰਿਤਸਰ ਨੂੰ ਦਹਿਸ਼ਤਜ਼ਦਾ ਕਰਨ ਦੀ ਸਾਜ਼ਿਸ਼ ਰਚੀ ਜਾ ਰਹੀ ਹੈ। ਬੁੱਧਵਾਰ ਦੇਰ ਰਾਤ ਸ੍ਰੀ ਗੁਰੂ ਰਾਮਦਾਸ ਸਰਾਏ ਦੇ ਪਿੱਛੇ ਹੋਏ ਬੰਬ ਧਮਾਕੇ ਦੇ ਦੋਸ਼ੀਆਂ ਦੀ ਗ੍ਰਿਫਤਾਰੀ ਤੋਂ ਬਾਅਦ ਇਹ ਵੱਡਾ ਖੁਲਾਸਾ ਹੋਇਆ ਹੈ। ਮੁਲਜ਼ਮਾਂ ਕੋਲੋਂ ਵੱਡੀ ਮਾਤਰਾ ਵਿੱਚ ਵਿਸਫੋਟਕ ਬਰਾਮਦ ਹੋਇਆ ਹੈ। ਹੁਣ ਪੁਲਿਸ ਪੂਰੇ ਮਾਮਲੇ ਦੀ ਡੂੰਘਾਈ ਨਾਲ ਜਾਂਚ ਕਰ ਰਹੀ ਹੈ। ਮੁਲਜ਼ਮਾਂ ਦੀਆਂ ਪਹਿਲੀਆਂ ਤਸਵੀਰਾਂ ਵੀ ਸਾਹਮਣੇ ਆ ਚੁੱਕੀਆਂ ਹਨ। ਸਰਾਏ ਦੀ ਸੀਸੀਟੀਵੀ ਫੁਟੇਜ ਵਿੱਚ ਦੋ ਮੁਲਜ਼ਮਾਂ ਨੂੰ ਦੇਖਿਆ ਗਿਆ ਹੈ। ਧਮਾਕੇ ਤੋਂ ਬਾਅਦ ਦੋਵੇਂ ਸਰਾਏ ‘ਚ ਸੌਣ ਲਈ ਚਲੇ ਗਏ ਸਨ। ਐਸਜੀਪੀਸੀ ਸਟਾਫ਼ ਨੇ ਦੋਵਾਂ ਨੂੰ ਫੜ ਲਿਆ।

ਬੁੱਧਵਾਰ-ਵੀਰਵਾਰ ਦੇਰ ਰਾਤ ਕਰੀਬ 12:40 ਵਜੇ ਹਰਿਮੰਦਰ ਸਾਹਿਬ ਨੇੜੇ ਸ੍ਰੀ ਗੁਰੂ ਰਾਮਦਾਸ ਸਰਾਏ ਦੇ ਪਿਛਲੇ ਪਾਸੇ ਗਲਿਆਰੇ ਵਿੱਚ ਜ਼ੋਰਦਾਰ ਧਮਾਕਾ ਹੋਇਆ। ਪੰਜ ਦਿਨਾਂ ਵਿੱਚ ਸ੍ਰੀ ਹਰਿਮੰਦਰ ਸਾਹਿਬ ਨੇੜੇ ਇਹ ਤੀਜਾ ਧਮਾਕਾ ਹੈ। ਧਮਾਕਾ ਇੰਨਾ ਜ਼ਬਰਦਸਤ ਸੀ ਕਿ ਇਸ ਦੀ ਆਵਾਜ਼ ਤਿੰਨ ਸੌ ਮੀਟਰ ਦੂਰ ਤੱਕ ਸੁਣਾਈ ਦਿੱਤੀ। ਇਹ ਧਮਾਕਾ ਹੈਰੀਟੇਜ ਸਟਰੀਟ ਵਿੱਚ ਹੋਏ ਪਹਿਲੇ ਧਮਾਕਿਆਂ ਤੋਂ ਕਰੀਬ ਇੱਕ ਕਿਲੋਮੀਟਰ ਦੂਰ ਪਹਿਲੇ ਦੋ ਧਮਾਕਿਆਂ ਦੇ ਬਿਲਕੁਲ ਉਲਟ ਦਿਸ਼ਾ ਵਿੱਚ ਹੈ। ਇਸ ਤੋਂ ਬਾਅਦ ਪੁਲਿਸ ਨੇ ਤੁਰੰਤ ਕਾਰਵਾਈ ਕੀਤੀ।

ਡੀਜੀਪੀ ਗੌਰਵ ਯਾਦਵ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਇਨ੍ਹਾਂ ਧਮਾਕਿਆਂ ਦੇ ਮੁਖ ਮੁਲਜ਼ਮਾਂ ਨੂੰ ਕਾਬੂ ਕਰ ਲਿਆ ਗਿਆ ਹੈ। ਇਨ੍ਹਾਂ ਦੀ ਪਛਾਣ ਆਜਾਦਵੀਰ ਸਿੰਘ ਬਾਬਾ ਬਕਾਲਾ, ਅਮਰੀਕ ਸਿੰਘ ਗੁਰਦਾਸਪੁਰ, ਸਾਹਿਬ ਸਿੰਘ ਅੰਮ੍ਰਿਤਸਰ. ਹਰਜੀਤ ਸਿੰਘ ਅੰਮ੍ਰਿਤਸਰ, ਧਰਮਿੰਦਰ ਸਿੰਘ. ਮਜੀਠਾ ਰੋਡ ਵਜੋਂ ਹੋਈ ਹੈ।। ਇਨ੍ਹਾਂ ਨੇ ied ਅਸੈਂਬਲ ਕੀਤੀਆਂ ਸਨ। ਇਨ੍ਹਾਂ ਮੁਲਜ਼ਮਾਂ ਦੀ ਸਾਜ਼ਿਸ਼ ਗੁਰੂ ਨਗਰੀ ਨੂੰ ਦਹਿਲਾਉਣ ਦੀ ਸੀ। ਪੁਲਿਸ ਹੋਰ ਵੀ ਜਾਂਚ ਕਰ ਰਹੀ ਹੈ।

ਇਹ ਪੰਜਾਬ ਸਰਕਾਰ ਦੀ ਨਾਕਾਮੀ : SGPC ਪ੍ਰਧਾਨ

ਸ਼੍ਰੋਮਣੀ ਕਮੇਟੀ ਪ੍ਰਧਾਨ ਹਰਜਿੰਦਰ ਧਾਮੀ ਨੇ ਧਮਾਕਿਆਂ ਦੀ ਨਿਖੇਧੀ ਕਰਦਿਆਂ ਸਰਕਾਰ ਤੋਂ ਕਾਰਵਾਈ ਦੀ ਮੰਗ ਕੀਤੀ ਹੈ। ਧਾਮੀ ਨੇ ਕਿਹਾ ਕਿ ਇਹ ਪੰਜਾਬ ਸਰਕਾਰ ਦੀ ਨਾਕਾਮੀ ਹੈ। ਅਸੀਂ ਹੁਣ ਆਪਣੀ ਟਾਸਕ ਫੋਰਸ ਨੂੰ ਮਜ਼ਬੂਤ ​​ਕਰਾਂਗੇ। ਅਸੀਂ ਪੁਲਿਸ ਨੂੰ ਇਸ ਮਾਮਲੇ ਦੀ ਡੂੰਘਾਈ ਨਾਲ ਜਾਂਚ ਕਰਨ ਦੀ ਅਪੀਲ ਕਰਦੇ ਹਾਂ।