ਅੰਮ੍ਰਿਤਸਰ। ਥਾਣਾ ਜੰਡਿਆਲਾ ਦੀ ਪੁਲਿਸ ਨੇ ਪਿਤਾ-ਪੁੱਤਰ ਨੂੰ ਸੋਨਾ ਚੋਰੀ ਦੇ ਮਾਮਲੇ ਵਿੱਚ ਮਹਾਰਾਸ਼ਟਰ ਦੇ ਪਿੰਡ ਸੰਗਲਾ ਤੋਂ ਕਾਬੂ ਕੀਤਾ ਹੈ। ਇਨ੍ਹਾਂ ਪਾਸੋਂ ਇੱਕ ਕਿੱਲੋ 317 ਗ੍ਰਾਮ (31 ਤੋਲੇ) ਸੋਨਾ ਬਰਾਮਦ ਕਰਨ ਵਿਚ ਸਫਲਤਾ ਹਾਸਿਲ ਕੀਤੀ ਹੈ।

ਜਾਣਕਾਰੀ ਦਿੰਦਿਆਂ ਥਾਣਾ ਜੰਡਿਆਲਾ ਦੇ ਪੁਲਿਸ ਅਧਿਕਾਰੀ ਸ਼ਮਸ਼ੇਰ ਸਿੰਘ ਨੇ ਦੱਸਿਆ ਕਿ  ਜੰਡਿਆਲਾ ਦੇ ਇੱਕ ਸੁਨਿਆਰੇ ਨੇ ਸ਼ਿਕਾਇਤ ਦਰਜ ਕਰਵਾਈ ਸੀ ਕਿ ਉਸਦੀ ਸਾਗਰ ਜਿਊਲਰ ਨਾਂ ਦੀ ਦੁਕਾਨ ਹੈ। ਉਸਦੀ ਦੁਕਾਨ ‘ਤੇ ਕੰਮ ਕਰਨ ਵਾਲੇ ਕਾਰੀਗਰ ਨੇ ਉਸਦੀ ਦੁਕਾਨ ਤੋਂ ਢਾਈ ਕਿੱਲੋ ਦੇ ਕਰੀਬ ਸੋਨਾ ਚੋਰੀ ਕਰਕੇ ਫਰਾਰ ਹੋ ਗਿਆ।

ਪੁਲਿਸ ਅਧਿਕਾਰੀਆਂ ਵੱਲੋਂ ਜਾਂਚ ਕੀਤੀ ਗਈ ਤੇ ਜਾਂਚ ਵਿਚ ਸਾਹਮਣੇ ਆਇਆ ਕਿ ਕਾਰੀਗਰ ਦਾ ਪਿਓ ਵੀ ਇਸ ਚੋਰੀ ਵਿੱਚ ਸ਼ਾਮਿਲ ਹੈ ਤੇ ਇਹ ਮਹਾਰਾਸ਼ਟਰ ਦੇ ਸਾਂਗਲਾ ਪਿੰਡ ਦੇ ਰਹਿਣ ਵਾਲੇ ਹਨ। ਪੁਲਿਸ ਅਧਿਕਾਰੀਆਂ ਵਲੋਂ ਇਕ ਟੀਮ ਬਣਾਈ ਗਈ, ਜਿਸਨੂੰ ਮਹਾਰਾਸ਼ਟਰ ਦੇ ਪਿੰਡ ਸਾਂਗਲਾ ਭੇਜਿਆ ਗਿਆ, ਜਿਥੋਂ ਦੋਵਾਂ ਪਿਓ-ਪੁੱਤਰ1ਨੂੰ ਕਾਬੂ ਕਰ ਲਿਆ ਗਿਆ ਅਤੇ ਇਨ੍ਹਾਂ ਕੋਲੋ ਇੱਕ ਕਿੱਲੋ 317 ਗ੍ਰਾਮ ਸੋਨਾ ਬਰਾਮਦ ਕੀਤਾ ਗਿਆ।

ਪੁਲਿਸ ਵੱਲੋਂ ਇਨ੍ਹਾਂ ਖਿਲਾਫ ਮਾਮਲਾ ਦਰਜ ਕਰਕੇ ਇਨ੍ਹਾਂ ਨੂੰ ਅਦਾਲਤ ਵਿੱਚ ਪੇਸ਼ ਕਰਕੇ ਦੋ ਦਿਨ ਦਾ ਰਿਮਾਂਡ ਹਾਸਿਲ ਕੀਤਾ ਹੈ ਤਾਂ ਜੋ ਇਨ੍ਹਾਂ ਕੋਲੋਂ ਬਾਕੀ ਦੇ ਸੋਨੇ ਬਾਰੇ ਪੁੱਛਗਿੱਛ ਕੀਤੀ ਜਾ ਸਕੇ।