ਅੰਮ੍ਰਿਤਸਰ, 15 ਦਸੰਬਰ| ਪਿੰਡ ਰਣਗੜ੍ਹ ਵਿਖੇ ਹੋਏ ਤੜਕਸਾਰ ਵਿਚ ਕਤਲ ਦੇ ਮਾਮਲੇ ਵਿਚ 3 ਮੁਲਜ਼ਮਾਂ ਨੂੰ ਪੁਲਿਸ ਨੇ ਕਾਬੂ ਕਰ ਲਿਆ ਹੈ। ਜਿਨ੍ਹਾਂ ਵਿਚੋਂ ਇਕ ਮੁਲਜ਼ਮ ਕਰਮਜੀਤ ਸਿੰਘ ਦੀ ਤਬੀਅਤ ਖਰਾਬ ਹੋਣ ਕਰਕੇ ਉਸਨੂੰ ਅੰਮ੍ਰਿਤਸਰ ਦੇ ਗੁਰੂ ਨਾਨਕ ਦੇਵ ਹਸਪਤਾਲ ਵਿਚ ਦਾਖਲ ਕਰਵਾਇਆ ਗਿਆ। ਦੇਰ ਸ਼ਾਮ ਆਰੋਪੀ ਕਰਮਜੀਤ ਸਿੰਘ ਪੁਲਿਸ ਨੂੰ ਚਕਮਾ ਦੇ ਕੇ ਫਰਾਰ ਹੋ ਗਿਆ ਸੀ।ਪੁਲਿਸ ਵੱਲੋਂ ਉਸ ਦੀ ਭਾਲ ਵਿਚ ਛਾਪੇਮਾਰੀ ਕੀਤੀ ਗਈ।
ਦੱਸ ਦਈਏ ਕਿ ਅੰਮ੍ਰਿਤਸਰ ਦੇ ਥਾਣਾ ਘਰਿੰਡਾ ਦੇ ਪਿੰਡ ਰਣਗੜ੍ਹ ਵਿਚ ਸਿਆਸੀ ਰੰਜਿਸ਼ ਦੇ ਚਲਦੇ 2 ਭਰਾਵਾਂ ਦੇ ਗੋਲੀ ਲੱਗਣ ਦੀ ਸੂਚਨਾ ਮਿਲੀ ਸੀ, ਜਿਸ ਵਿਚ ਵੱਡੇ ਭਰਾ ਦੇ ਲੱਤ ਵਿਚ ਗੋਲੀ ਲੱਗੀ ਹੈ, ਜੋ ਅੰਮ੍ਰਿਤਸਰ ਦੇ ਸਿਵਲ ਹਸਪਤਾਲ ਵਿਚ ਜ਼ੇਰੇ ਇਲਾਜ ਸੀ ਅਤੇ ਛੋਟੇ ਭਰਾ ਦੇ ਪੇਟ ਵਿਚ ਗੋਲੀ ਲੱਗਣ ਕਾਰਨ ਨਿੱਜੀ ਹਸਪਤਾਲ ਵਿਚ ਸੀਰੀਅਸ ਹਾਲਤ ਵਿਚ ਸੀ।
ਇਸ ਸਬੰਧੀ ਗੋਲੀ ਦਾ ਸ਼ਿਕਾਰ ਬਿਕਰਮ ਸਿੰਘ ਅਤੇ ਉਸਦੇ ਬੇਟੇ ਸ਼ਮਸ਼ੇਰ ਨੇ ਦੱਸਿਆ ਕਿ ਸਿਆਸੀ ਰੰਜਿਸ਼ ਦੇ ਚਲਦੇ ਪਹਿਲਾਂ ਪਿੰਡ ਦੇ ਸਰਪੰਚ ਬੱਬੀ ਅਤੇ ਉਸਦੇ ਬੇਟੇ ਨਾਲ ਬਿਜਲੀ ਵਿਭਾਗ ਦੇ ਮੁਲਾਜ਼ਮ ਕਰਮਜੀਤ ਸਿੰਘ ਵਲੋਂ ਸਾਡੇ ਘਰ ਆ ਕੇ ਤੋੜ-ਭੰਨ ਕੀਤੀ ਗਈ ਜਦੋਂ ਅਸੀਂ ਉਨ੍ਹਾਂ ਦੇ ਘਰ ਗੱਲਬਾਤ ਕਰਨ ਗਏ ਤਾਂ ਉਨ੍ਹਾਂ ਵਲੋਂ ਸਿੱਧੀਆਂ ਗੋਲੀਆਂ ਚਲਾਈਆਂ ਗਈਆਂ।
ਇਸ ਗੋਲ਼ੀਬਾਰੀ ਵਿਚ ਇਕ ਗੋਲੀ ਵੱਡੇ ਭਰਾ ਦੇ ਲੱਤ ‘ਚ ਲੱਗੀ ਸੀ ਤੇ ਦੂਜੇ ਦੇ ਪੇਟ ਵਿਚ। ਵੱਡੇ ਭਰਾ ਨੂੰ ਸਿਵਲ ਹਸਪਤਾਲ ਦਾਖਲ ਕਰਵਾਇਆ ਗਿਆ ਸੀ, ਜਦੋਂਕਿ ਛੋਟੇ ਦੀ ਇਕ ਨਿੱਜੀ ਹਸਪਤਾਲ ਵਿਚ ਹਾਲਤ ਗੰਭੀਰ ਸੀ। ਇਸ ਦੌਰਾਨ ਇਕ ਭਰਾ ਦੀ ਮੌਤ ਹੋ ਗਈ ਸੀ। ਪੀੜਤ ਪਰਿਵਾਰ ਵਲੋਂ ਪੁਲਿਸ ਨੂੰ ਸ਼ਿਕਾਇਤ ਦਰਜ ਕਰਵਾ ਕੇ ਇਨਸਾਫ ਦੀ ਮੰਗ ਕੀਤੀ ਗਈ ਸੀ।