ਜਲੰਧਰ | ਵਾਰਿਸ ਪੰਜਾਬ ਦੇ ਪ੍ਰਧਾਨ ਅੰਮ੍ਰਿਤਪਾਲ ਸਿੰਘ ਅੱਜ ਵਿਆਹ ਦੇ ਬੰਧਨ ‘ਚ ਬੱਝ ਗਏ। ਉਨ੍ਹਾਂ ਦਾ ਇੰਗਲੈਂਡ ਵਿੱਚ ਰਹਿਣ ਵਾਲੀ ਇੱਕ ਐਨਆਰਆਈ ਕਿਰਨਦੀਪ ਕੌਰ ਨਾਲ ਵਿਆਹ ਹੋ ਗਿਆ ਹੈ। ਆਨੰਦ ਕਾਰਜ ਛੇਵੀਂ ਪਾਤਸ਼ਾਹੀ ਸ੍ਰੀ ਹਰਿਗੋਬਿੰਦ ਸਾਹਿਬ ਜੀ ਦੇ ਚਰਨ ਛੋਹ ਪ੍ਰਾਪਤ ਇਤਿਹਾਸਕ ਗੁਰੂਘਰ, ਜਲੰਧਰ ਦੇ ਫਤਿਹਪੁਰ ਵਿਖੇ ਹੋਇਆ।
ਅੰਮ੍ਰਿਤਪਾਲ ਸਿੰਘ ਦੇ ਵਿਆਹ ਦੇ ਪ੍ਰੋਗਰਾਮ ਨੂੰ ਪੂਰੀ ਤਰ੍ਹਾਂ ਗੁਪਤ ਰੱਖਿਆ ਗਿਆ ਸੀ। ਗੁਰੂਘਰ ਦੇ ਪ੍ਰਬੰਧਕਾਂ ਤੋਂ ਲੈ ਕੇ ਅੰਮ੍ਰਿਤਪਾਲ ਦੇ ਪਰਿਵਾਰ ਅਤੇ ਨਜ਼ਦੀਕੀਆਂ ਤੱਕ ਕੋਈ ਕੁਝ ਨਹੀਂ ਦੱਸ ਰਿਹਾ। ਗੁਰੂਘਰ ‘ਚ ਵੀ ਵਿਆਹ ਦੀ ਬੁਕਿੰਗ ਉਸ ਦੇ ਨਾਂ ‘ਤੇ ਨਹੀਂ, ਕਿਸੇ ਹੋਰ ਦੇ ਨਾਂ ‘ਤੇ ਹੋਈ ਹੈ। ਆਨੰਦ ਕਾਰਜ ਬਹੁਤ ਹੀ ਸਰਲ ਤਰੀਕੇ ਨਾਲ ਹੋਇਆ। ਗੁਰੂਘਰ ਵਿੱਚ ਕੋਈ ਵਿਸ਼ੇਸ਼ ਟੈਂਟ ਜਾਂ ਹੋਰ ਸਜਾਵਟ ਦਾ ਪ੍ਰਬੰਧ ਨਹੀਂ ਕੀਤਾ ਗਿਆ ਸੀ।
ਆਪਣੇ ਵਿਆਹ ਤੋਂ ਪਿੱਛੋਂ ਅੰਮ੍ਰਿਤਪਾਲ ਸਿੰਘ ਨੇ ਮੀਡੀਆ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਉਨ੍ਹਾਂ ਦਾ ਵਿਆਹ reverse migratiron ਹੈ, ਪ੍ਰਵਾਸ ਤੋਂ ਪਰਤ ਆਉਣ ਦਾ ਸੁਨੇਹਾ। ਉਨ੍ਹਾਂ ਕਿਹਾ ਕਿ ਮੇਰੀ ਸਿੰਘਣੀ ਹੁਣ ਮੇਰੇ ਨਾਲ ਪੰਜਾਬ ਵਿਚ ਹੀ ਰਹੇਗੀ।
ਅਸਲ ਵਿਚ ਇਹ ਅਟਕਲਾਂ ਲਗਾਈਆਂ ਜਾ ਰਹੀਆਂ ਸਨ ਕਿ ਅੰਮ੍ਰਿਤਪਾਲ ਵਿਆਹ ਤੋਂ ਪਿੱਛੋਂ ਇੰਗਲੈਂਡ ਜਾ ਸਕਦੇ ਹਨ। ਪਰ ਅੰਮ੍ਰਿਤਪਾਲ ਨੇ ਆਪਣੇ ਵਿਆਹ ਪਿੱਛੋਂ ਮੀਡੀਆ ਸਾਹਮਣੇ ਇਹ ਗੱਲ ਸਾਫ ਕਰ ਦਿੱਤੀ ਹੈ ਕਿ ਉਹ ਪੰਜਾਬ ਵਿਚ ਹੀ ਰਹਿਣਗੇ, ਕਿਤੇ ਨਹੀਂ ਜਾਣਗੇ।