ਨਿਊਜ਼ ਡੈਸਕ| ਖਾਲਿਸਤਾਨੀ ਸਮਰਥਕ ਅਤੇ ‘ਵਾਰਿਸ ਪੰਜਾਬ ਦੇ’ ਮੁਖੀ ਅੰਮ੍ਰਿਤਪਾਲ ਸਿੰਘ ਦੀ ਭਾਲ ਵਿਚ ਜੁਟੀ ਪੰਜਾਬ ਪੁਲਿਸ ਨੇ ਲਗਾਤਾਰ ਸਰਚ ਆਪ੍ਰੇਸ਼ਨ ਚਲਾਇਆ ਹੋਇਆ ਹੈ। ਪੰਜਾਬ ਪੁਲਿਸ ਹੁਣ ਤੱਕ ਅੰਮ੍ਰਿਤਪਾਲ ਦੇ ਕਈ ਸਮਰਥਕਾਂ ਨੂੰ ਗ੍ਰਿਫਤਾਰ ਕਰ ਚੁੱਕੀ ਹੈ। ਅੰਗਰੇਜ਼ੀ ਵੈੱਬਸਾਈਟ NDTV ਵਲੋਂ ਦਿੱਤੇ ਗਏ ਸੂਤਰਾਂ ਦੇ ਹਵਾਲੇ ਨਾਲ ਦਾਅਵਾ ਕੀਤਾ ਗਿਆ ਹੈ ਕਿ ਜਿਸ ਮਰਸਿਡੀਜ਼ ਐੱਸਯੂਵੀ ਵਿਚ ਅੰਮ੍ਰਿਤਪਾਲ ਸਿੰਘ ਭੱਜਿਆ ਸੀ, ਉਹ ਡਰੱਗ ਦੇ ਵਪਾਰ ਨਾਲ ਜੁੜੇ ਇਕ ਵਿਅਕਤੀ ਦੀ ਹੈ।
ਸ਼ਨੀਵਾਰ ਨੂੰ ਪੰਜਾਬ ਪੁਲਿਸ ਨੇ ਅੰਮ੍ਰਿਤਪਾਲ ਸਿੰਘ ਨੂੰ ਫੜਨ ਲਈ ਆਪ੍ਰੇਸ਼ਨ ਸ਼ੁਰੂ ਕੀਤਾ ਸੀ। ਇਸ ਦਿਨ ਘਟਨਾ ਦੇ ਕਈ ਵੀਡੀਓ ਵੀ ਵਾਇਰਲ ਹੋਏ ਸਨ। ਇਨ੍ਹਾਂ ਵਿਚੋਂ ਹੀ ਇਕ ਵੀਡੀਓ ਵਿਚ ਅੰਮ੍ਰਿਤਪਾਲ ਇਕ ਐੱਸਯੂਵੀ ਵਿਚ ਭੱਜਦੇ ਹੋਏ ਨਜ਼ਰ ਆਇਆ ਸੀ। ਹਾਲਾਂਕਿ ਬਾਅਦ ਵਿਚ ਉਹ ਪੈਦਲ ਹੀ ਭੱਜਾ ਸੀ।
NDTV ਦੀ ਰਿਪੋਰਟ ਵਿਚ ਕਿਹਾ ਗਿਆ ਹੈ ਕਿ ਅੰਮ੍ਰਿਤਪਾਲ ਸਿੰਘ ਨੂੰ ਇਹ ਐੱਸਯੂਵੀ ਇਕ ਡਰੱਗ ਡੀਲਰ ਰਾਵੇਲ ਸਿੰਘ ਨੇ ਹੀ ਗਿਫਟ ਕੀਤੀ ਸੀ। ਅੰਮ੍ਰਿਤਪਾਲ ਸਿੰਘ ਅਕਸਰ ਇਸ ਐੱਸਯੂਵੀ ਵਿਚ ਸ਼ਹਿਰ ਵਿਚ ਘੁੰਮਦਾ ਹੁੰਦਾ ਸੀ।
ਪੁਲਿਸ ਪਿਛਲੇ 3 ਦਿਨਾਂ ਤੋਂ ਅੰਮ੍ਰਿਤਪਾਲ ਸਿੰਘ ਦੀ ਭਾਲ ਕਰ ਰਹੀ ਹੈ। ਮਰਸਿਡੀਜ਼ ਤੋਂ ਉੱਤਰ ਕੇ ਉਹ ਆਖਰੀ ਵਾਰ ਭੱਜਦਾ ਨਜ਼ਰ ਆਇਆ ਸੀ। ਅੰਮ੍ਰਿਤਪਾਲ ਸਿੰਘ ਕਥਿਤ ਤੌਰ ਉਤੇ ਨਸ਼ਾਮੁਕਤੀ ਕੇਂਦਰਾਂ ਵਿਚ ਭਟਕੇ ਲੋਕਾਂ ਦਾ ਇਸਤੇਮਾਲ ਕਰਕੇ ਇਕ ‘ਪ੍ਰਾਈਵੇਟ ਮਿਲਿਸ਼ਿਆ’ ਬਣਾ ਰਿਹਾ ਸੀ। ਜਿਸਦੀ ਵਰਤੋਂ ਲੋੜ ਪੈਣ ਉਤੇ ਸਮੱਸਿਆ ਪੈਦਾ ਕਰਨ ਲਈ ਕੀਤਾ ਜਾਂਦਾ ਸੀ। ਅਜਨਾਲਾ ਵਿਚ ਪੁਲਿਸ ਸਟੇਸ਼ਨ ਉਤੇ ਹਮਲਾ ਵੀ ਇਸੇ ਦਾ ਇਕ ਰੂਪ ਦੱਸਿਆ ਜਾ ਰਿਹਾ ਹੈ।