ਅੰਬਾਲਾ, 12 ਦਸੰਬਰ | ਅੰਬਾਲਾ ਛਾਉਣੀ ਦੇ ਕੱਚਾ ਬਾਜ਼ਾਰ ਦੇ ਰਹਿਣ ਵਾਲੇ ਕਰਨ ਨੇ ਦੇਰ ਰਾਤ ਆਪਣੀ ਭੈਣ ਭਾਵਨਾ ਉਰਫ ਮੁਸਕਾਨ ਦਾ ਚਾਕੂ ਮਾਰ-ਮਾਰ ਕੇ ਕਤਲ ਕਰ ਦਿੱਤਾ। ਜਾਣਕਾਰੀ ਅਨੁਸਾਰ ਉਸ ਨੇ ਆਪਣੀ ਭੈਣ ਉਤੇ 30 ਦੇ ਕਰੀਬ ਹਮਲੇ ਕੀਤੇ। ਆਰੋਪੀ ਵਾਰਦਾਤ ਨੂੰ ਅੰਜਾਮ ਦੇਣ ਤੋਂ ਬਾਅਦ ਫਰਾਰ ਹੋ ਗਿਆ। ਔਰਤ ਨੂੰ ਜ਼ਖ਼ਮੀ ਹਾਲਤ ਵਿਚ ਛਾਉਣੀ ਦੇ ਸਿਵਲ ਹਸਪਤਾਲ ਲਿਆਂਦਾ ਗਿਆ, ਜਿਥੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ ਗਿਆ। ਪੁਲਿਸ ਨੇ ਇਸ ਸਬੰਧੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਇਸ ਦੌਰਾਨ ਮੁਲਜ਼ਮ ਨੇ ਗ੍ਰਹਿ ਮੰਤਰੀ ਅਨਿਲ ਵਿੱਜ ਦੇ ਘਰ ਜਾ ਕੇ ਆਤਮ-ਸਮਰਪਣ ਕਰ ਦਿੱਤਾ। ਜਿਥੋਂ ਪੁਲਿਸ ਉਸ ਨੂੰ ਫੜ ਕੇ ਲੈ ਗਈ।

ਕਤਲ ਕਰਨ ਤੋਂ ਪਹਿਲਾਂ ਭਰਾ ਨੇ ਸੋਸ਼ਲ ਮੀਡੀਆ ‘ਤੇ ਪੋਸਟ ਪਾਈ ਅਤੇ ਲਿਖਿਆ- ਮਜਬੂਰੀ ‘ਚ ਮੈਨੂੰ ਆਪਣੀ ਭੈਣ ਨੂੰ ਮਾਰਨਾ ਪਿਆ, ਸਾਡਾ ਕੋਈ ਨਹੀਂ ਹੈ, ਸਿਰਫ਼ ਸਾਡੇ ਦੁਸ਼ਮਣ ਹੀ ਸਾਡੇ ਰਿਸ਼ਤੇਦਾਰ ਹਨ। ਇੰਨਾ ਹੀ ਨਹੀਂ ਭੈਣ ਦੇ ਸਹੁਰਿਆਂ ਤੋਂ ਬਦਲਾ ਲੈਣ ਲਈ ਭਰਾ ਨੇ ਗੈਂਗਸਟਰ ਲਾਰੈਂਸ ਬਿਸ਼ਨੋਈ ਗੈਂਗ ਦੇ ਮੈਂਬਰਾਂ ਤੋਂ ਵੀ ਮਦਦ ਮੰਗੀ ਸੀ।

ਪੁਲਿਸ ਮੁਤਾਬਕ ਦੇਰ ਰਾਤ ਕਰਨ ਉਰਫ ਕਾਲੂ ਦਾ ਆਪਣੀ ਭੈਣ ਨਾਲ ਝਗੜਾ ਹੋਇਆ ਸੀ ਅਤੇ ਗੁੱਸੇ ‘ਚ ਆ ਕੇ ਕਰਨ ਨੇ ਉਸ ‘ਤੇ ਚਾਕੂਆਂ ਨਾਲ ਹਮਲਾ ਕਰ ਦਿੱਤਾ। ਕਰਨ ਨੇ ਆਪਣੀ ਭੈਣ ਦੇ ਗੁਪਤ ਅੰਗਾਂ ਸਮੇਤ ਪੂਰੇ ਸਰੀਰ ‘ਤੇ 30 ਤੋਂ ਵੱਧ ਵਾਰ ਹਮਲਾ ਕੀਤਾ। ਜਾਣਕਾਰੀ ਮੁਤਾਬਕ ਕਰੀਬ 2 ਸਾਲ ਪਹਿਲਾਂ ਭਾਵਨਾ ਦਾ ਵਿਆਹ ਮੇਰਠ ਦੇ ਰਹਿਣ ਵਾਲੇ ਅੰਕੁਰ ਨਾਲ ਹੋਇਆ ਸੀ ਪਰ ਪਤੀ ਨਾਲ ਵਿਵਾਦ ਕਾਰਨ ਭਾਵਨਾ 6 ਮਹੀਨਿਆਂ ਤੋਂ ਪੇਕੇ ਰਹਿ ਰਹੀ ਸੀ ਅਤੇ ਉਸ ਦੀ ਬੇਟੀ ਆਪਣੇ ਪਿਤਾ ਨਾਲ ਰਹਿੰਦੀ ਸੀ।

ਦੱਸਿਆ ਜਾਂਦਾ ਹੈ ਕਿ ਤਲਾਕ ਦਾ ਮਾਮਲਾ ਕਰੀਬ 10 ਲੱਖ ਰੁਪਏ ‘ਚ ਤੈਅ ਹੋ ਰਿਹਾ ਸੀ ਪਰ ਪਰਿਵਾਰ ਭਾਵਨਾ ਨੂੰ ਵਾਪਸ ਸਹੁਰੇ ਘਰ ਜਾਣ ਲਈ ਕਹਿ ਰਿਹਾ ਸੀ। ਕਰਨ ਨੇ ਭੈਣ ਦੇ ਸਹੁਰਿਆਂ ਤੋਂ ਬਦਲਾ ਲੈਣ ਲਈ ਲਾਰੈਂਸ ਗੈਂਗ ਤੋਂ ਮਦਦ ਵੀ ਮੰਗੀ ਸੀ। ਕਰਨ ਵਿਰੁੱਧ ਪਹਿਲਾਂ ਵੀ ਸੱਟੇਬਾਜ਼ੀ, ਅਸਲਾ ਐਕਟ ਅਤੇ ਕੁੱਟਮਾਰ ਦੇ ਮਾਮਲੇ ਦਰਜ ਹਨ।

ਉਸ ਦਾ ਪਰਿਵਾਰ ਨਾਲ ਕਿਸੇ ਗੱਲ ਨੂੰ ਲੈ ਕੇ ਝਗੜਾ ਹੋ ਗਿਆ। ਇਸ ਕਾਰਨ ਕਰਨ ਨੇ ਆਪਣੀ ਭੈਣ ‘ਤੇ ਚਾਕੂਆਂ ਨਾਲ ਹਮਲਾ ਕਰਨਾ ਸ਼ੁਰੂ ਕਰ ਦਿੱਤਾ। ਉਧਰ ਅੰਬਾਲਾ ਕੈਂਟ ਦੇ ਥਾਣਾ ਇੰਚਾਰਜ ਨਰੇਸ਼ ਕੁਮਾਰ ਨੇ ਕਿਹਾ ਕਿ ਪੁਲਿਸ ਨੇ ਮੁਲਜ਼ਮ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਉਸ ਨੇ ਹੱਤਿਆ ਦੇ ਇਕ-ਦੋ ਕਾਰਨ ਦੱਸੇ ਹਨ, ਜਿਨ੍ਹਾਂ ਦੀ ਪੁਲਿਸ ਜਾਂਚ ਕਰ ਰਹੀ ਹੈ।