ਅਜਨਾਲਾ : ਪੁਲਿਸ ਸਬ-ਡਵੀਜ਼ਨ ਅਜਨਾਲਾ ਤਹਿਤ ਪੈਂਦੇ ਪਿੰਡ ਬੱਗਾ ਕਲਾਂ ਵਿਖੇ ਬੀਤੀ ਰਾਤ ਨਸ਼ੇੜੀ ਪੋਤਰੇ ਵੱਲੋਂ ਕਿਰਪਾਨ ਨਾਲ ਆਪਣੀ ਦਾਦੀ ਨੂੰ ਕਤਲ ਕੀਤੇ ਜਾਣ ਦੀ ਸੂਚਨਾ ਮਿਲੀ ਹੈ। ਲਾਸ਼ ਨੂੰ ਪੁਲਿਸ ਵੱਲੋਂ ਸਿਵਲ ਹਸਪਤਾਲ ਅਜਨਾਲਾ ਵਿਖੇ ਪੋਸਟਮਾਰਟਮ ਲਈ ਰੱਖਿਆ ਗਿਆ ਹੈ, ਜਦਕਿ ਇਸ ਕਤਲਕਾਂਡ ’ਚ ਲੋੜੀਂਦੇ ਮੁਲਜ਼ਮ ਨੂੰ ਪੁਲਿਸ ਵੱਲੋਂ ਗ੍ਰਿਫਤਾਰ ਕਰ ਲਿਆ ਗਿਆ ਹੈ।

ਜਾਣਕਾਰੀ ਅਨੁਸਾਰ ਮੁਲਜ਼ਮ ਮਨਤੇਜ ਸਿੰਘ ਪੁੱਤਰ ਬਲਦੇਵ ਸਿੰਘ ਵਾਸੀ ਪਿੰਡ ਬੱਗਾ ਕਲਾਂ ਪਿਛਲੇ ਲੰਮੇ ਸਮੇਂ ਤੋਂ ਨਸ਼ੇ ਕਰਨ ਦਾ ਆਦੀ ਹੈ ਅਤੇ ਨਸ਼ੇ ਦੀ ਪੂਰਤੀ ਲਈ ਪੈਸੇ ਨਾ ਹੋਣ ਕਾਰਨ ਆਪਣੇ ਘਰਦਿਆਂ ਸਮੇਤ ਆਪਣੀ ਦਾਦੀ ਕੁਲਵੰਤ ਕੌਰ (80) ਪਤਨੀ ਦਾਰਾ ਸਿੰਘ ਨੂੰ ਤੰਗ-ਪਰੇਸ਼ਾਨ ਕਰਦਾ ਅਤੇ ਪੈਸਿਆਂ ਦੀ ਮੰਗ ਨੂੰ ਲੈ ਕੇ ਲਗਭਗ ਰੋਜ਼ਾਨਾ ਹੀ ਕਲੇਸ਼ ਪਾਉਂਦਾ ਆ ਰਿਹਾ ਹੈ।

ਬੀਤੀ ਰਾਤ ਮਨਤੇਜ ਸਿੰਘ ਵੱਲੋਂ ਆਪਣੀ ਦਾਦੀ ਕੋਲੋਂ ਪੈਸੇ ਮੰਗਣ ਲਈ ਜ਼ੋਰ ਪਾਇਆ ਗਿਆ ਅਤੇ ਦਾਦੀ ਵੱਲੋਂ ਪੈਸੇ ਦੇਣ ’ਚ ਦਿਖਾਈ ਗਈ ਬੇਵਸੀ ਦੇ ਨਤੀਜੇ ਵਜੋਂ ਗੁੱਸੇ ’ਚ ਆ ਕੇ ਉਸ ਵੱਲੋਂ ਘਰ ’ਚ ਪਈ ਕਿਰਪਾਨ ਨਾਲ ਉਸਦਾ ਬੇਰਹਿਮੀ ਨਾਲ ਕਤਲ ਕਰ ਦਿੱਤਾ ਗਿਆ।

ਉਧਰ, ਸੰਪਰਕ ਕਰਨ ’ਤੇ ਪੁਲਿਸ ਥਾਣਾ ਰਾਜਾਸਾਂਸੀ ਦੀ ਮੁਖੀ ਸਬ-ਇੰਸਪੈਕਟਰ ਰਮਨਦੀਪ ਕੌਰ ਬੰਦੇਸ਼ਾ ਨੇ ਮਾਮਲੇ ਦੀ ਪੁਸ਼ਟੀ ਕਰਦਿਆਂ ਦੱਸਿਆ ਕਿ ਇਸ ਮਾਮਲੇ ’ਚ ਪੁਲਿਸ ਵੱਲੋਂ ਕਾਰਵਾਈ ਕਰਦਿਆਂ ਮਨਤੇਜ ਸਿੰਘ ਨੂੰ ਗ੍ਰਿਫਤਾਰ ਕਰ ਕੇ ਕਤਲ ’ਚ ਵਰਤੀ ਗਈ ਕਿਰਪਾਨ ਵੀ ਬਰਾਮਦ ਕਰ ਲਈ ਗਈ ਹੈ।