ਬਰਨਾਲਾ, 9 ਦਸੰਬਰ | ਜ਼ਿਲੇ ‘ਚ ਆਪਣੇ ਨਾਲ ਹੋਈ ਧੋਖਾਧੜੀ ਦਾ ਇਨਸਾਫ ਨਾ ਮਿਲਣ ਤੋਂ ਦੁਖੀ ਪਿਓ-ਧੀ ਪਿੰਡ ਦੀ ਪਾਣੀ ਵਾਲੀ ਟੈਂਕੀ ‘ਤੇ ਚੜ੍ਹ ਗਏ। ਜਿੱਥੇ ਦੋਵਾਂ ਨੇ ਇਨਸਾਫ਼ ਨਾ ਮਿਲਣ ‘ਤੇ ਖੁਦਕੁਸ਼ੀ ਕਰਨ ਦੀ ਧਮਕੀ ਦਿੱਤੀ। ਪਿਓ-ਧੀ ਨੇ ਪਿੰਡ ਦੇ ਹੀ ਇਕ ਵਿਅਕਤੀ ‘ਤੇ ਆਸਟ੍ਰੇਲੀਆ ਭੇਜਣ ਦੇ ਨਾਂ ‘ਤੇ 10 ਲੱਖ ਰੁਪਏ ਦੀ ਠੱਗੀ ਮਾਰਨ ਦਾ ਦੋਸ਼ ਲਗਾਇਆ ਹੈ।

ਮਾਮਲਾ ਬਰਨਾਲਾ ਜ਼ਿਲੇ ਦੇ ਪਿੰਡ ਰੂੜੇਕੇ ਕਲਾਂ ਦਾ ਹੈ। ਪਿਛਲੇ ਤਿੰਨ ਸਾਲਾਂ ਤੋਂ ਇਸ ਮਾਮਲੇ ਵਿਚ ਇਨਸਾਫ਼ ਨਾ ਮਿਲਣ ਤੋਂ ਦੁਖੀ ਦੋਵੇਂ ਪਿਓ-ਧੀ ਪਾਣੀ ਵਾਲੀ ਟੈਂਕੀ ‘ਤੇ ਚੜ੍ਹ ਗਏ। ਪੁਲਿਸ ਪ੍ਰਸ਼ਾਸਨ ਵੀ ਘਟਨਾ ਵਾਲੀ ਥਾਂ ‘ਤੇ ਪਹੁੰਚ ਗਿਆ ਹੈ। ਇਸ ਸਬੰਧੀ ਪਾਣੀ ਵਾਲੀ ਟੈਂਕੀ ’ਤੇ ਚੜ੍ਹੀ ਲੜਕੀ ਜਸਪ੍ਰੀਤ ਕੌਰ ਅਤੇ ਉਸ ਦੇ ਪਿਤਾ ਨੇ ਦੱਸਿਆ ਕਿ ਪਿੰਡ ਦੇ ਹੀ ਇੱਕ ਵਿਅਕਤੀ ਨੇ ਉਨ੍ਹਾਂ ਨੂੰ ਵਿਦੇਸ਼ ਭੇਜਣ ਦੇ ਨਾਂ ’ਤੇ ਠੱਗੀ ਮਾਰੀ ਹੈ, ਜਿਸ ਕਾਰਨ ਉਹ ਅੱਜ ਪਾਣੀ ਵਾਲੀ ਟੈਂਕੀ ’ਤੇ ਚੜ੍ਹ ਗਿਆ।

ਉਸ ਨੇ ਦੱਸਿਆ ਕਿ ਪਿੰਡ ਦੇ ਜਗਤਾਰ ਸਿੰਘ ਨੇ 10 ਲੱਖ ਰੁਪਏ ਲੈ ਕੇ 2021 ਵਿਚ ਆਸਟ੍ਰੇਲੀਆ ਭੇਜਣ ਦੀ ਗੱਲ ਕੀਤੀ ਸੀ, ਜਿਸ ਤੋਂ ਬਾਅਦ ਉਸ ਨੇ ਪਰਿਵਾਰ ਨੂੰ 10 ਲੱਖ ਰੁਪਏ ਦਿੱਤੇ। ਕੁਝ ਸਮੇਂ ਬਾਅਦ ਉਸ ਨੇ ਫਿਰ 12 ਲੱਖ ਰੁਪਏ ਦੀ ਮੰਗ ਕੀਤੀ ਪਰ ਸਾਡੇ ਕੋਲ ਹੋਰ ਪੈਸੇ ਨਹੀਂ ਸਨ। ਇਸ ਲਈ ਉਸ ਨੇ ਉਕਤ ਪਰਿਵਾਰ ਨੂੰ ਸਾਡੇ 10 ਲੱਖ ਰੁਪਏ ਅਤੇ ਫਾਈਲਾਂ ਵਾਪਸ ਕਰਨ ਲਈ ਕਿਹਾ ਪਰ ਪਿਛਲੇ ਤਿੰਨ ਸਾਲਾਂ ਤੋਂ ਉਨ੍ਹਾਂ ਦੇ ਪੈਸੇ ਵਾਪਸ ਨਹੀਂ ਕੀਤੇ ਜਾ ਰਹੇ ਹਨ। ਉਨ੍ਹਾਂ ਦੱਸਿਆ ਕਿ ਇਸ ਸਬੰਧੀ ਉਨ੍ਹਾਂ ਐਸਐਸਪੀ ਬਰਨਾਲਾ ਨੂੰ ਵੀ ਸ਼ਿਕਾਇਤ ਕੀਤੀ ਹੈ, ਜਿਸ ਦੀ ਜਾਂਚ ਡੀਐਸਪੀ ਤਪਾ ਵੱਲੋਂ ਕੀਤੀ ਗਈ। ਜਿਨ੍ਹਾਂ ਨੂੰ ਏਜੰਟ ਪਰਿਵਾਰ ਵੱਲੋਂ ਇੱਕ ਸਾਲ ਦੇ ਅੰਦਰ ਪੈਸੇ ਵਾਪਸ ਕਰਨ ਦਾ ਸਮਾਂ ਦਿੱਤਾ ਗਿਆ ਸੀ। ਪਿਛਲੇ ਮਹੀਨੇ ਦੀ 15 ਤਰੀਕ ਨੂੰ ਇੱਕ ਸਾਲ ਬੀਤ ਗਿਆ ਪਰ ਹੁਣ ਤੱਕ ਉਨ੍ਹਾਂ ਦੇ ਪੈਸੇ ਵਾਪਸ ਨਹੀਂ ਕੀਤੇ ਜਾ ਰਹੇ ਹਨ. ਜਿਸ ਕਾਰਨ ਅੱਜ ਉਹ ਪੈਟਰੋਲ ਲੈ ਕੇ ਪਾਣੀ ਵਾਲੀ ਟੈਂਕੀ ‘ਤੇ ਚੜ੍ਹਨ ਲਈ ਮਜਬੂਰ ਹੋਏ ਹਨ। ਉਨ੍ਹਾਂ ਦੱਸਿਆ ਕਿ ਮਜ਼ਦੂਰੀ ਕਰ ਕੇ ਪਰਿਵਾਰ ਦਾ ਗੁਜ਼ਾਰਾ ਚੱਲ ਰਿਹਾ ਹੈ।

ਉਸ ਨੇ ਪਸ਼ੂ ਅਤੇ ਸੋਨਾ ਵੇਚ ਕੇ ਅਤੇ ਕਰਜ਼ਾ ਲੈ ਕੇ ਇਸ ਪੈਸੇ ਦਾ ਪ੍ਰਬੰਧ ਕੀਤਾ ਪਰ ਪਿਛਲੇ 4 ਸਾਲਾਂ ਤੋਂ ਉਹ ਇਨਸਾਫ਼ ਲੈਣ ਲਈ ਭਟਕ ਰਹੇ ਹਨ। ਉਨ੍ਹਾਂ ਕਿਹਾ ਕਿ ਜਦੋਂ ਤੱਕ ਉਨ੍ਹਾਂ ਨੂੰ 10 ਲੱਖ ਰੁਪਏ ਦੀ ਬਕਾਇਆ ਰਾਸ਼ੀ ਨਹੀਂ ਦਿੱਤੀ ਜਾਂਦੀ, ਉਦੋਂ ਤੱਕ ਉਹ ਟੈਂਕੀ ਤੋਂ ਨਹੀਂ ਉਤਰਨਗੇ। ਪਿਓ-ਧੀ ਨੇ ਟੈਂਕੀ ਤੋਂ ਛਾਲ ਮਾਰ ਕੇ ਖੁਦਕੁਸ਼ੀ ਕਰਨ ਦੀ ਧਮਕੀ ਵੀ ਦਿੱਤੀ। ਘਟਨਾ ਦੀ ਸੂਚਨਾ ਮਿਲਦੇ ਹੀ ਥਾਣਾ ਰੂੜੇਕੇ ਕਲਾਂ ਦੇ ਐੱਸਐੱਚਓ ਸ਼ਰੀਫ ਖਾਨ ਵੀ ਮੌਕੇ ‘ਤੇ ਪਹੁੰਚ ਗਏ, ਜਿਸ ਨੇ ਟੈਂਕੀ ‘ਤੇ ਚੜ੍ਹ ਕੇ ਪਿਓ-ਧੀ ਨਾਲ ਗੱਲ ਕੀਤੀ। ਉਨ੍ਹਾਂ ਕਿਹਾ ਕਿ ਪਰਿਵਾਰ ਨਾਲ ਗੱਲ ਕਰ ਕੇ ਮਾਮਲਾ ਸੁਲਝਾਇਆ ਜਾ ਰਿਹਾ ਹੈ।

(Note : ਪੰਜਾਬ ਦੀਆਂ ਜ਼ਰੂਰੀ ਖਬਰਾਂ ਪੜ੍ਹਣ ਲਈ ਸਾਡੇ ਵਟਸਐਪ ਗਰੁੱਪ https://shorturl.at/0tM6T ਜਾਂ ਵਟਸਐਪ ਚੈਨਲ https://shorturl.at/Q3yRy ਨਾਲ ਜ਼ਰੂਰ ਜੁੜੋ।)