ਮਹਾਰਾਸ਼ਟਰ, 25 ਨਵੰਬਰ | ਮਹਾਰਾਸ਼ਟਰ ਵਿਧਾਨ ਸਭਾ ਚੋਣਾਂ ਵਿਚ ਭਾਜਪਾ ਦੀ ਅਗਵਾਈ ਵਾਲੀ ਐਨਡੀਏ ਨੂੰ ਮੁੜ ਸੱਤਾ ਵਿੱਚ ਲਿਆਉਣ ਦਾ ਸਿਹਰਾ ‘ਮੁੱਖ ਮੰਤਰੀ ਲਾਡਲੀ ਬਹਿਨਾ ਯੋਜਨਾ’ ਨੂੰ ਦਿੱਤਾ ਜਾ ਰਿਹਾ ਹੈ। ਇਸ ਤਹਿਤ ਮਹਾਰਾਸ਼ਟਰ ਦੀਆਂ ਲਗਭਗ 2.5 ਕਰੋੜ ਔਰਤਾਂ ਨੂੰ ਹਰ ਮਹੀਨੇ 1500 ਰੁਪਏ ਦੀ ਰਾਸ਼ੀ ਦਿੱਤੀ ਜਾਣੀ ਹੈ। ਹਾਲਾਂਕਿ ਇਹ ਐਲਾਨ ਚੋਣਾਂ ਤੋਂ ਪਹਿਲਾਂ ਕੀਤਾ ਗਿਆ ਸੀ ਪਰ ਚੋਣਾਂ ਜਿੱਤਣ ਉਤੇ ਇਹ ਰਾਸ਼ੀ ਵਧਾ ਕੇ 2100 ਰੁਪਏ ਪ੍ਰਤੀ ਮਹੀਨਾ ਕਰਨ ਦਾ ਵਾਅਦਾ ਵੀ ਕੀਤਾ ਗਿਆ ਸੀ। ਹੁਣ ਜਦੋਂ ਮਹਾਰਾਸ਼ਟਰ ਵਿੱਚ ਐਨਡੀਏ ਭਾਰੀ ਬਹੁਮਤ ਨਾਲ ਸੱਤਾ ਵਿੱਚ ਵਾਪਸ ਆ ਗਈ ਹੈ ਤਾਂ ਸਰਕਾਰ ਉੱਤੇ ਆਪਣਾ ਵਾਅਦਾ ਪੂਰਾ ਕਰਨ ਦਾ ਦਬਾਅ ਰਹੇਗਾ।
ਵਿਸ਼ਲੇਸ਼ਕਾਂ ਦਾ ਕਹਿਣਾ ਹੈ ਕਿ ਸਰਕਾਰ ਆਪਣਾ ਵਾਅਦਾ ਪੂਰਾ ਕਰਨ ਲਈ ਜ਼ਰੂਰ ਅੱਗੇ ਵਧੇਗੀ ਪਰ ਅਸਲ ਚੁਣੌਤੀ ਇਹ ਹੈ ਕਿ ਇਸ ਨਵੇਂ ਖਰਚੇ ਲਈ ਪੈਸਾ ਕਿੱਥੋਂ ਲਿਆ ਜਾਵੇਗਾ। ਹਾਲਾਂਕਿ ਮਹਾਰਾਸ਼ਟਰ ਅਜਿਹਾ ਰਾਜ ਹੈ ਜੋ ਪੂਰੇ ਦੇਸ਼ ਵਿੱਚ ਸਭ ਤੋਂ ਵੱਧ ਮਾਲੀਆ ਇਕੱਠਾ ਕਰਦਾ ਹੈ ਪਰ ਇੱਥੇ ਖਰਚਾ ਵੀ ਅਨੁਪਾਤਕ ਤੌਰ ਉਤੇ ਵੱਧ ਰਹਿੰਦਾ ਹੈ।