ਲੁਧਿਆਣਾ/ਖੰਨਾ, 16 ਅਕਤੂਬਰ | ਅਮਲੋਹ ਦੇ ਪਿੰਡ ਸਲਾਣਾ ਜੀਵਨ ਸਿੰਘ ਵਾਲਾ ਵਿਚ ਨਸ਼ੇ ਦੀ ਓਵਰਡੋਜ਼ ਕਾਰਨ 25 ਸਾਲਾ ਨੌਜਵਾਨ ਦੀ ਮੌਤ ਹੋ ਗਈ। ਲਾਸ਼ ਦੇ ਕੋਲ ਇੱਕ ਟੀਕਾ ਵੀ ਮਿਲਿਆ ਹੈ। ਮ੍ਰਿਤਕ ਆਪਣੇ ਪਿੱਛੇ ਪਤਨੀ ਅਤੇ 4 ਸਾਲ ਦੀ ਬੇਟੀ ਛੱਡ ਗਿਆ ਹੈ।
ਖੰਨਾ ਸਿਵਲ ਹਸਪਤਾਲ ‘ਚ ਮ੍ਰਿਤਕ ਦੀ ਪਤਨੀ ਮੁਸਕਾਨ ਨੇ ਦੱਸਿਆ ਕਿ ਉਸ ਦਾ ਪਤੀ ਘਰੋਂ ਇਹ ਕਹਿ ਕੇ ਗਿਆ ਸੀ ਕਿ ਉਸ ਨੇ ਆਪਣਾ ਸਾਈਕਲ ਸਾਫ਼ ਕਰਨਾ ਹੈ। ਕੁਝ ਸਮੇਂ ਬਾਅਦ ਜਦੋਂ ਉਹ ਆਪਣੇ ਪਤੀ ਨੂੰ ਫੋਨ ਕਰਦੀ ਰਹੀ ਤਾਂ ਉਸ ਨੇ ਫੋਨ ਨਹੀਂ ਚੁੱਕਿਆ। ਉਸ ਨੇ ਲਗਾਤਾਰ 104 ਵਾਰ ਫੋਨ ਕੀਤਾ ਪਰ ਫਿਰ ਵੀ ਉਸ ਨੇ ਫੋਨ ਨਹੀਂ ਚੁੱਕਿਆ ਤਾਂ ਉਹ ਆਪਣੇ ਭਰਾ ਨਾਲ ਘਰ ਪਹੁੰਚ ਗਈ ਪਰ ਘਰ ਦਾ ਦਰਵਾਜ਼ਾ ਅੰਦਰੋਂ ਬੰਦ ਸੀ। ਉਸ ਨੇ ਵਾਰ-ਵਾਰ ਦਰਵਾਜ਼ਾ ਖੜਕਾਇਆ ਪਰ ਦਰਵਾਜ਼ਾ ਨਾ ਖੁੱਲ੍ਹਿਆ। ਇਸ ਤੋਂ ਬਾਅਦ ਉਸ ਨੇ ਕੰਧ ਟੱਪ ਕੇ ਅੰਦਰ ਜਾ ਕੇ ਦੇਖਿਆ ਤਾਂ ਉਸ ਦਾ ਪਤੀ ਮਰਿਆ ਪਿਆ ਸੀ।
ਮ੍ਰਿਤਕ ਦੀ ਪਤਨੀ ਅਤੇ ਰਿਸ਼ਤੇਦਾਰਾਂ ਨੇ ਦੱਸਿਆ ਕਿ ਰਾਹੁਲ ਨਸ਼ੇ ਦਾ ਆਦੀ ਸੀ ਪਰ ਉਸ ਨੇ ਕਾਫੀ ਸਮੇਂ ਤੋਂ ਨਸ਼ਾ ਛੱਡ ਦਿੱਤਾ ਸੀ। ਹੁਣ ਫਿਰ ਉਹ ਨਸ਼ੇ ਦੀ ਦਲਦਲ ਵਿਚ ਫਸ ਗਿਆ ਸੀ। ਇਸ ਕਾਰਨ ਉਸ ਨੇ ਨਸ਼ੇ ਦਾ ਟੀਕਾ ਲਗਾਇਆ ਅਤੇ ਓਵਰਡੋਜ਼ ਕਾਰਨ ਉਸ ਦੀ ਮੌਤ ਹੋ ਗਈ। ਇਸ ਸਬੰਧੀ ਗੱਲਬਾਤ ਕਰਦਿਆਂ ਥਾਣਾ ਮੁਖੀ ਬਲਕਾਰ ਸਿੰਘ ਨੇ ਦੱਸਿਆ ਕਿ ਉਨ੍ਹਾਂ ਨੂੰ ਸੂਚਨਾ ਮਿਲੀ ਸੀ ਕਿ ਪਿੰਡ ਜੀਵਨ ਸਿੰਘ ਵਾਲਾ ਦੇ ਰਹਿਣ ਵਾਲੇ ਰਾਹੁਲ ਦੀ ਮੌਤ ਹੋ ਗਈ ਹੈ। ਉਹ ਸਿਵਲ ਹਸਪਤਾਲ ਪਹੁੰਚ ਗਏ ਹਨ ਅਤੇ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ। ਪਰਿਵਾਰ ਨਾਲ ਗੱਲ ਕਰ ਕੇ ਅਗਲੀ ਕਾਰਵਾਈ ਕੀਤੀ ਜਾਵੇਗੀ। ਮੌਤ ਦੇ ਕਾਰਨਾਂ ਬਾਰੇ ਅਜੇ ਕੁਝ ਨਹੀਂ ਕਿਹਾ ਜਾ ਸਕਦਾ।