ਦੇਹਰਾਦੂਨ| ਉੱਤਰਾਖੰਡ ਤੋਂ ਭਾਜਪਾ ਨੇਤਾ ਯਸ਼ਪਾਲ ਬੇਨਾਮ ਨੂੰ ਵਿਰੋਧ ਪ੍ਰਦਰਸ਼ਨਾਂ ਕਾਰਨ ਇੱਕ ਮੁਸਲਿਮ ਵਿਅਕਤੀ ਨਾਲ ਆਪਣੀ ਧੀ ਦੇ ਵਿਆਹ ਨੂੰ ਮੁਲਤਵੀ ਕਰਨਾ ਪਿਆ। ਧੀ ਦਾ ਵਿਆਹ 28 ਮਈ 2023 ਨੂੰ ਹੋਣਾ ਸੀ।

ਪੌੜੀ ਨਗਰ ਨਿਗਮ ਦੇ ਚੇਅਰਮੈਨ ਯਸ਼ਪਾਲ ਬੇਨਾਮ ਨੇ ਇੱਕ ਮੁਸਲਿਮ ਵਿਅਕਤੀ ਨਾਲ ਵਿਆਹ ਦੀ ਆਲੋਚਨਾ ਅਤੇ ਵਿਰੋਧ ਤੋਂ ਬਾਅਦ ਆਪਣੀ ਧੀ ਦਾ ਵਿਆਹ ਮੁਲਤਵੀ ਕਰ ਦਿੱਤਾ। ਹਾਲ ਹੀ ‘ਚ ਬੇਨਾਮ ਦੀ ਬੇਟੀ ਮੋਨਿਕਾ ਅਤੇ ਉੱਤਰ ਪ੍ਰਦੇਸ਼ ਦੇ ਅਮੇਠੀ ਦੇ ਰਹਿਣ ਵਾਲੇ ਮੁਹੰਮਦ ਮੋਨਿਸ ਦੇ ਵਿਆਹ ਦਾ ਕਾਰਡ ਸੋਸ਼ਲ ਮੀਡੀਆ ‘ਤੇ ਵਾਇਰਲ ਹੋਇਆ ਸੀ। ਇਸ ਲਈ ਭਾਜਪਾ ਦੇ ਸਮਰਥਕਾਂ ਅਤੇ ਵਿਰੋਧੀਆਂ ਦੋਵਾਂ ਵੱਲੋਂ ਬੇਨਮ ਦੀ ਆਲੋਚਨਾ ਕੀਤੀ ਗਈ ।

ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਸਾਬਕਾ ਵਿਧਾਇਕ ਨੇ ਦੱਸਿਆ ਕਿ ਬੇਟੀ ਦੀ ਖੁਸ਼ੀ ਲਈ ਉਹ ਉਸ ਦਾ ਵਿਆਹ ਮੁਸਲਿਮ ਨੌਜਵਾਨ ਨਾਲ ਕਰਵਾਉਣ ਲਈ ਰਾਜ਼ੀ ਹੋ ਗਏ ਸਨ। ਪਰ ਸੋਸ਼ਲ ਮੀਡੀਆ ‘ਤੇ ਅਤੇ ਸਥਾਨਕ ਪੱਧਰ ‘ਤੇ ਆਈ ਪ੍ਰਤੀਕਿਰਿਆ ਕਾਰਨ ਵਿਆਹ ਦੇ ਪ੍ਰੋਗਰਾਮ ਨੂੰ ਫਿਲਹਾਲ ਮੁਲਤਵੀ ਕਰ ਦਿੱਤਾ ਗਿਆ ਹੈ। ਯਸ਼ਪਾਲ ਬੇਨਾਮ ਨੇ ਕਿਹਾ ਕਿ ਮੈਨੂੰ ਜਨਤਾ ਦੀ ਆਵਾਜ਼ ਵੀ ਸੁਣਨੀ ਪੈਂਦੀ ਹੈ। ਉਨ੍ਹਾਂ ਦੱਸਿਆ ਕਿ 28 ਮਈ ਨੂੰ ਪੌੜੀ ਸ਼ਹਿਰ ਵਿੱਚ ਹੋਣ ਵਾਲਾ ਵਿਆਹ ਹੁਣ ਮੁਲਤਵੀ ਕਰ ਦਿੱਤਾ ਗਿਆ ਹੈ।

ਭਾਜਪਾ ਆਗੂ ਨੇ ਕਿਹਾ ਕਿ ਜੋ ਮਾਹੌਲ ਬਣਿਆ ਹੈ, ਉਸ ਨੂੰ ਦੇਖਦੇ ਹੋਏ ਲਾੜਾ-ਲਾੜੀ ਦੇ ਪਰਿਵਾਰਾਂ ਨੇ ਇਕੱਠੇ ਬੈਠ ਕੇ ਫੈਸਲਾ ਕੀਤਾ ਹੈ ਕਿ ਜਨ ਪ੍ਰਤੀਨਿਧੀ ਹੋਣ ਦੇ ਨਾਤੇ ਉਨ੍ਹਾਂ ਨੂੰ ਪੁਲਿਸ ਦੀ ਛਾਂ ਹੇਠ ਵਿਆਹ ਕਰਵਾਉਣਾ ਠੀਕ ਨਹੀਂ। ਮਾਹੌਲ ਅਨੁਕੂਲ ਨਹੀਂ ਹੈ।

ਹਿੰਦੂ ਸੰਗਠਨਾਂ ਵਿਸ਼ਵ ਹਿੰਦੂ ਪ੍ਰੀਸ਼ਦ, ਭੈਰਵ ਸੈਨਾ ਅਤੇ ਬਜਰੰਗ ਦਲ ਨੇ ਕੋਟਦੁਆਰ, ਪੌੜੀ ਵਿਖੇ ਵਿਆਹ ਦਾ ਵਿਰੋਧ ਕੀਤਾ। ਉਨ੍ਹਾਂ ਬੇਨਾਮ ਦਾ ਪੁਤਲਾ ਵੀ ਸਾੜਿਆ। ਵਿਸ਼ਵ ਹਿੰਦੂ ਪ੍ਰੀਸ਼ਦ ਦੇ ਪੌੜੀ ਦੇ ਕਾਰਜਕਾਰੀ ਜ਼ਿਲ੍ਹਾ ਪ੍ਰਧਾਨ ਦੀਪਕ ਗੌੜ ਨੇ ਅਜਿਹੇ ਵਿਆਹਾਂ ਨੂੰ ਗਲਤ ਕਰਾਰ ਦਿੰਦਿਆਂ ਕਿਹਾ ਕਿ ਯਸ਼ਪਾਲ ਬੇਨਾਮ ਦੀ ਧੀ ਜਾਂ ਤਾਂ ਇਸਲਾਮ ਕਬੂਲ ਕਰ ਲਵੇ ਜਾਂ ਉਸ ਦਾ ਹੋਣ ਵਾਲਾ ਜਵਾਈ ਹਿੰਦੂ ਧਰਮ ਅਪਣਾ ਲਵੇ। ਦੀਪਕ ਗੌੜ ਨੇ ਕਿਹਾ ਕਿ ਅਸੀਂ ਇਸ ਤਰ੍ਹਾਂ ਦੇ ਵਿਆਹ ਦਾ ਸਖ਼ਤ ਵਿਰੋਧ ਕਰਦੇ ਹਾਂ।