ਚੰਡੀਗੜ੍ਹ | 2 ਸਾਲ ਪਹਿਲਾਂ ਜਿਸ ਸ਼ੂਟਿੰਗ ਲਈ ਸਿਫਤ ਕੌਰ ਨੇ ਡਾਕਟਰੀ ਦੀ ਪੜ੍ਹਾਈ ਛੱਡੀ ਸੀ, ਉਸੇ ਖੇਡ ‘ਚ ਉਹ 2024 ਦੇ ਪੈਰਿਸ ਓਲੰਪਿਕ ਖੇਡਾਂ ਚ ਦੇਸ਼ ਦੀ ਨੁਮਾਇੰਦਗੀ ਕਰੇਗੀ ਤੇ ਨਿਸ਼ਾਨੇ ‘ਤੇ ਹੋਵੇਗਾ ਗੋਲਡ। ਬਾਕੂ ‘ਚ ਵਰਲਡ ਸ਼ੂਟਿੰਗ ਚੈਂਪੀਅਨਸ਼ਿਪ ‘ਚ ਸ਼ਾਨਦਾਰ ਪ੍ਰਦਰਸ਼ਨ ਦੀ ਬਦੌਲਤ ਸ਼ੂਟਰ ਸਿਫਤ ਕੌਰ ਸਮਰਾ ਨੇ ਓਲੰਪਿਕ ਦਾ ਕੋਟਾ ਹਾਸਲ ਕੀਤਾ।

ਓਲੰਪਿਕ ‘ਚ 50 ਮੀਟਰ ਰਾਈਫਲ ਥ੍ਰੀ ਪੁਜ਼ੀਸ਼ਨ ‘ਚ ਦੇਸ਼ ਦੀ ਨੁਮਾਇੰਦਗੀ ਕਰੇਗੀ। ਹਾਲਾਂਕਿ, ਉਹ ਵਿਸ਼ਵ ਨਿਸ਼ਾਨੇਬਾਜ਼ੀ ਚੈਂਪੀਅਨਸ਼ਿਪ ‘ਚ ਤਗਮੇ ਤੋਂ ਖੁੰਝ ਗਈ ਤੇ ਪੰਜਵੇਂ ਸਥਾਨ ‘ਤੇ ਰਹੀ। ਅੰਤਰਰਾਸ਼ਟਰੀ ਪੱਧਰ ‘ਤੇ ਕਈ ਮੁਕਾਬਲਿਆਂ ‘ਚ ਆਪਣੇ-ਆਪ ਨੂੰ ਸਾਬਿਤ ਕਰ ਚੁੱਕੀ ਸਿਫਤ ਕੌਰ ਨੇ ਚੰਡੀਗੜ੍ਹ ‘ਚ ਖੇਡ ਦੇ ਗੁਰ ਸਿੱਖੇ। ਕੋਚ ਵਿਕਾਸ ਨੇ ਖੇਡ ਦੀਆਂ ਬਾਰੀਕੀਆਂ ਵੀ ਸਿਖਾਈਆਂ।

2 ਗੋਲਡ ਮੈਡਲ ਇਸ ਸਾਲ ਜਿੱਤੇ

ਕੋਚ ਨੇ ਦੱਸਿਆ ਕਿ ਸਿਫਤ ਪੂਰੀ ਲੈਅ ‘ਚ ਹੈ ਤੇ ਉਮੀਦ ਹੈ ਕਿ ਉਹ ਓਲੰਪਿਕ ‘ਚ ਦੇਸ਼ ਲਈ ਤਮਗਾ ਜ਼ਰੂਰ ਲਿਆਵੇਗੀ। ਸਿਫਤ ਨੇ ਇਸ ਸਾਲ ਚੀਨ ‘ਚ ਹੋਈਆਂ ਵਿਸ਼ਵ ਯੂਨੀਵਰਸਿਟੀ ਖੇਡਾਂ ‘ਚ ਟੀਮ ਤੇ ਸਿੰਗਲ ਵਰਗ ‘ਚ 2 ਸੋਨ ਤਗਮੇ ਜਿੱਤੇ ਸਨ।

ਇਸ ਸਾਲ 23 ਸਤੰਬਰ ਤੋਂ 8 ਅਕਤੂਬਰ ਤਕ ਚੀਨ ‘ਚ ਹੋਣ ਵਾਲੀਆਂ ਏਸ਼ੀਆਈ ਖੇਡਾਂ ਲਈ ਭਾਰਤੀ ਟੀਮ ‘ਚ ਸਿਫਤ ਦੀ ਚੋਣ ਹੋਈ ਹੈ। ਸਿਫਤ ਪੰਜਾਬ ਦੇ ਫਰੀਦਕੋਟ ਦੀ ਰਹਿਣ ਵਾਲੀ ਹੈ। ਉਸਦੇ ਪਿਤਾ ਪਵਨਦੀਪ ਸਿੰਘ ਇੱਕ ਕਿਸਾਨ ਹਨ।

ਸਿਫਤ ਨੂੰ ਸ਼ੂਟਿੰਗ ਦਾ ਇੰਨਾ ਜਨੂੰਨ ਹੈ ਕਿ ਉਸ ਨੇ ਆਪਣੀ ਮੈਡੀਕਲ ਦੀ ਪੜ੍ਹਾਈ ਵੀ ਛੱਡ ਦਿੱਤੀ। ਉਹ ਫਰੀਦਕੋਟ ਮੈਡੀਕਲ ਕਾਲਜ ਤੋਂ ਡਾਕਟਰੀ ਦੀ ਪੜ੍ਹਾਈ ਕਰ ਰਹੀ ਸੀ।

ਕੋਚ ਨੇ ਦੱਸਿਆ ਕਿ ਸਿਫਤ ਨੇ 2017-18 ਤੋਂ ਉਸ ਤੋਂ ਕੋਚਿੰਗ ਲੈਣੀ ਸ਼ੁਰੂ ਕਰ ਦਿੱਤੀ ਸੀ। 3 ਸਾਲਾਂ ਤਕ ਉਹ ਸ਼ੂਟਿੰਗ ਦੇ ਗੁਰ ਸਿੱਖਦੀ ਰਹੀ। ਸ਼ੂਟਿੰਗ ਕਾਰਨ ਆਪਣੀ ਪੜ੍ਹਾਈ ਨੂੰ ਨੁਕਸਾਨ ਨਾ ਪਹੁੰਚਾਉਣ ਲਈ ਉਹ ਹਰ ਸ਼ਨੀਵਾਰ ਤੇ ਐਤਵਾਰ ਨੂੰ ਵਿਸ਼ੇਸ਼ ਤੌਰ ‘ਤੇ ਫਰੀਦਕੋਟ ਤੋਂ ਚੰਡੀਗੜ੍ਹ ਆ ਕੇ ਕੋਚਿੰਗ ਲੈਂਦੀ ਸੀ ਤੇ 2 ਦਿਨ ਅਭਿਆਸ ਕਰਨ ਤੋਂ ਬਾਅਦ ਵਾਪਸ ਆਉਂਦੀ ਸੀ। ਸਿਫਤ ਬਹੁਤ ਸ਼ਾਂਤ ਤੇ ਮਿਹਨਤੀ ਹੈ।

ਸਿਫਤ ਨੇ 2022 ‘ਚ ਜਰਮਨੀ ‘ਚ ਹੋਏ ਇੰਟਰਨੈਸ਼ਨਲ ਸ਼ੂਟਿੰਗ ਸਪੋਰਟਸ ਫੈਡਰੇਸ਼ਨ (ISSF) ਜੂਨੀਅਰ ਕੱਪ ‘ਚ 4 ਮੈਡਲ ਜਿੱਤੇ ਸਨ।

ਸੀਨੀਅਰ ਵਰਗ ‘ਚ ਸਿਫਤ ਨੇ ਚੇਂਗਵਾਨ ‘ਚ ਆਯੋਜਿਤ ਸ਼ੂਟਿੰਗ ਵਿਸ਼ਵ ਕੱਪ ਦੇ 50 ਮੀਟਰ ਰਾਈਫਲ 3 ਪੁਜ਼ੀਸ਼ਨ ਟੀਮ ਈਵੈਂਟ ‘ਚ ਕਾਂਸੀ ਦਾ ਤਗਮਾ ਵੀ ਜਿੱਤਿਆ।