ਅਬੋਹਰ : ਅਬੋਹਰ ਸ਼ਹਿਰ ਵਿਚ ਹੈਵਾਨ ਪਤੀ ਨੇ ਪਤਨੀ ਦੀ ਬੇਰਹਿਮੀ ਨਾਲ ਕੁੱਟਮਾਰ ਕੀਤੀ। ਜ਼ਖਮੀ ਨੂੰ ਕਮਰੇ ਵਿਚ ਬੰਦ ਕਰ ਦਿੱਤਾ। ਕਿਸੇ ਤਰ੍ਹਾਂ ਧੀ ਨੇ ਔਰਤ ਨੂੰ ਕਮਰੇ ਵਿਚੋਂ ਬਾਹਰ ਕੱਢਿਆ ਤੇ ਉਹ ਆਪਣੇ ਪੇਕੇ ਘਰ ਪਹੁੰਚੀ। ਪੇਕੇ ਵਾਲਿਆਂ ਨੇ ਉਸਨੂੰ ਹਸਪਤਾਲ ਭਰਤੀ ਕਰਵਾਇਆ। ਸ਼ਿਕਾਇਤ ਮਿਲਣ ਤੋਂ ਬਾਅਦ ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ।
ਜਾਣਕਾਰੀ ਮੁਤਾਬਕ ਅਬੋਹਰ ਦੀ ਔਰਤ ਫਿਰੋਜ਼ਾਬਾਦ ਉਤਰ ਪ੍ਰਦੇਸ਼ ਵਿਚ ਵਿਆਹੀ ਹੈ। ਉਸਦੇ ਵਿਆਹ ਨੂੰ 10 ਸਾਲ ਹੋ ਚੁੱਕੇ ਹਨ। ਉਸਦੇ ਤਿੰਨ ਬੱਚੇ ਵੀ ਹਨ। ਪੀੜਤਾ ਦਾ ਦੋਸ਼ ਹੈ ਕਿ ਉਸਦੇ ਦਿਓਰ ਦਾ ਵਿਆਹ ਮਈ ਵਿਚ ਹੋਣਾ ਹੈ। ਜਿਸ ਲਈ ਉਸਦਾ ਪਤੀ ਤੇ ਸਹੁਰਾ ਪੇਕੇ ਤੋਂ ਪੈਸੇ ਲੈ ਕੇ ਆਉਣ ਦੀ ਮੰਗ ਕਰਦੇ ਹਨ।
ਪੀੜਤਾ ਨੇ ਕਿਹਾ ਕਿ ਉਸਦਾ ਪਿਤਾ ਤਾਂ ਆਪ ਰੇਹੜੀ ਲਾਉਂਦਾ ਹੈ ਤੇ ਉਸਦੀਆਂ 3 ਭੈਣਾਂ ਹਨ। ਪਿਤਾ ਕੋਲ ਕਿੱਥੋਂ ਪੈਸੇ ਕਿ ਉਹ ਮੈਨੂੰ ਦੇਣ। ਪੀੜਤਾ ਨੇ ਇਹ ਵੀ ਦੋਸ਼ ਲਗਾਇਆ ਕਿ ਲਗਭਗ 6 ਮਹੀਨੇ ਪਹਿਲਾਂ ਵੀ ਉਸਦੇ ਪਤੀ ਨੇ ਉਸਨੂੰ ਬੁਰੀ ਤਰ੍ਹਾਂ ਤੋਂ ਕੁੱਟਿਆ, ਜਿਸ ਮਗਰੋਂ ਉਹ ਆਪਣੇ ਪੇਕੇ ਘਰ ਆ ਗਈ। ਪਰ ਪੰਚਾਇਤ ਨੇ ਉਸਨੂੰ ਭਿਜਵਾ ਦਿੱਤਾ। ਉਸਦੇ ਪਤੀ ਨੇ ਪੈਸੇ ਨਾ ਲਿਆਉਣ ਦੀ ਸੂਰਤ ਵਿਚ ਉਸਦੇ ਜੇਠ ਨਾਲ ਸੰਬੰਧ ਬਣਾਉਣ ਲਈ ਦਬਾਅ ਬਣਾਇਆ।
ਜਦੋਂ ਉਸਨੇ ਅਜਿਹਾ ਕਰਨ ਤੋਂ ਮਨ੍ਹਾ ਕੀਤਾ ਤਾਂ ਉਸਦੀ ਪਸ਼ੂਆਂ ਵਾਂਗ ਕੁੱਟਮਾਰ ਕੀਤੀ ਗਈ ਤੇ ਉਸਨੂੰ ਇਕ ਕਮਰੇ ਵਿਚ ਬੰਦ ਕਰ ਦਿੱਤਾ। ਇਸਤੋਂ ਬਾਅਦ ਉਸਦੀ 9 ਸਾਲ ਦੀ ਧੀ ਨੇ ਉਸਨੂੰ ਕਮਰੇ ਵਿਚੋਂ ਬਾਹਰ ਕੱਢਿਆ। ਦੂਜੇ ਪਾਸੇ ਪੁਲਿਸ ਨੇ ਪੀੜਤਾ ਦੇ ਬਿਆਨ ਦਰਜ ਕਰ ਲਏ ਹਨ ਤੇ ਜਾਂਚ ਪੜਤਾਲ ਕਰ ਰਹੀ ਹੈ।