ਲੁਧਿਆਣਾ | ਇਥੋਂ ਇਕ ਮੰਦਭਾਗੀ ਖਬਰ ਸਾਹਮਣੇ ਆਈ ਹੈ। ਗਿਆਸਪੁਰਾ ਦੇ ਸੂਆ ਰੋਡ ‘ਤੇ ਸਥਿਤ ਇੰਦਰਾ ਪਾਰਕ ‘ਚ ਨੌਜਵਾਨ ਦਾ ਤੇਜ਼ਧਾਰ ਹਥਿਆਰਾਂ ਨਾਲ ਕਤਲ ਕਰ ਦਿੱਤਾ ਗਿਆ। ਨੌਜਵਾਨ ਦੀ ਕੱਟੀ ਹੋਈ ਉਂਗਲੀ ਵੀ ਲਾਸ਼ ਤੋਂ ਕੁਝ ਦੂਰੀ ‘ਤੇ ਪਈ ਮਿਲੀ। ਉਸਦੀ ਖੂਨ ਨਾਲ ਲੱਥਪੱਥ ਲਾਸ਼ ਇੰਦਰਾ ਪਾਰਕ ਵਿਚ ਪਈ ਮਿਲੀ। ਘਟਨਾ ਦਾ ਪਤਾ ਲੱਗਦਿਆਂ ਹੀ ਏਸੀਪੀ ਅਸ਼ੋਕ ਸ਼ਰਮਾ ਥਾਣਾ ਸਾਹਨੇਵਾਲ ਦੇ ਨਾਲ ਮੌਕੇ ’ਤੇ ਪੁੱਜੇ।

ਪੁਲਿਸ ਨੇ ਲਾਸ਼ ਨੂੰ ਕਬਜ਼ੇ ‘ਚ ਲੈ ਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਮ੍ਰਿਤਕ ਦੀ ਪਛਾਣ ਲਾਲੂ ਵਾਸੀ ਗਲੀ ਨੰਬਰ 5 ਮੱਕੜ ਕਾਲੋਨੀ ਵਜੋਂ ਹੋਈ ਹੈ। ਉਹ ਮੂਲ ਰੂਪ ਵਿਚ ਉੱਤਰ ਪ੍ਰਦੇਸ਼ ਦਾ ਰਹਿਣ ਵਾਲਾ ਸੀ। ਇਥੇ ਉਹ ਆਪਣੇ ਛੋਟੇ ਭਰਾ ਅਤੇ ਪਿਤਾ ਨਾਲ ਰਹਿੰਦਾ ਸੀ।ਉਸ ਦੇ ਭਰਾ ਛੋਟੂ ਨੇ ਦੱਸਿਆ ਕਿ ਲਾਲੂ ਕਰੀਬ 4 ਮਹੀਨੇ ਪਹਿਲਾਂ ਕੰਮ ਦੀ ਤਲਾਸ਼ ਵਿਚ ਲੁਧਿਆਣਾ ਆਇਆ ਸੀ। ਇਨ੍ਹੀਂ ਦਿਨੀਂ ਇਕ ਫੈਕਟਰੀ ਵਿਚ ਮਜ਼ਦੂਰ ਵਜੋਂ ਕੰਮ ਕਰ ਰਿਹਾ ਸੀ।

ਉਸ ਦੀ ਕੁਝ ਲੋਕਾਂ ਨਾਲ ਪੁਰਾਣੀ ਦੁਸ਼ਮਣੀ ਸੀ। ਉਹ ਲੋਕ ਉਸਦਾ ਪਿੱਛਾ ਕਰ ਰਹੇ ਸਨ, ਜਿਸ ਕਾਰਨ ਲਾਲੂ ਪਿਛਲੇ 2 ਦਿਨਾਂ ਤੋਂ ਕਮਰੇ ‘ਚ ਨਹੀਂ ਪਹੁੰਚਿਆ। ਸੋਮਵਾਰ ਸਵੇਰੇ ਉਨ੍ਹਾਂ ਲੋਕਾਂ ਨੇ ਪਾਰਕ ‘ਚ ਲਾਲੂ ਨੂੰ ਘੇਰ ਲਿਆ ਤੇ ਤੇਜ਼ਧਾਰ ਹਥਿਆਰਾਂ ਨਾਲ ਹਮਲਾ ਕਰਕੇ ਉਸ ਦਾ ਕਤਲ ਕਰਕੇ ਫ਼ਰਾਰ ਹੋ ਗਏ। ਏਸੀਪੀ ਸ਼ਰਮਾ ਨੇ ਦੱਸਿਆ ਕਿ ਮੁਲਜ਼ਮਾਂ ਦਾ ਸੁਰਾਗ ਜੁਟਾਉਣ ਲਈ ਪੁਲਿਸ ਟੀਮਾਂ ਦਾ ਗਠਨ ਕੀਤਾ ਗਿਆ ਹੈ ਅਤੇ ਇਲਾਕੇ ਵਿਚ ਲੱਗੇ ਸੀਸੀਟੀਵੀ ਦੀ ਫੁਟੇਜ ਦੀ ਜਾਂਚ ਕੀਤੀ ਜਾ ਰਹੀ ਹੈ।