ਮਾਲੇਰਕੋਟਲਾ | ਇਥੋਂ ਇਕ ਸ਼ਰਮਨਾਕ ਖਬਰ ਸਾਹਮਣੇ ਆਈ ਹੈ। ਸਾਊਦੀ ਅਰਬ ਵਿਚ ਬੈਠੇ ਪੰਜਾਬ ਦੇ ਇਕ ਨੌਜਵਾਨ ਨੇ ਸ਼ਰਮਨਾਕ ਕਾਰਾ ਕੀਤਾ। ਮੁਲਜ਼ਮ ਜ਼ਿਲ੍ਹਾ ਮਾਲੇਰਕੋਟਲਾ ਦਾ ਰਹਿਣ ਵਾਲਾ ਹੈ। ਉਸ ਨੇ ਪਹਿਲਾਂ ਆਪਣੀ ਪ੍ਰੇਮਿਕਾ ਨੂੰ ਵੀਡੀਓ ਕਾਲ ਕਰਕੇ ਉਸ ਦੇ ਕੱਪੜੇ ਉਤਾਰ ਦਿੱਤੇ। ਫਿਰ ਲੜਕੀ ਦੀਆਂ ਅਸ਼ਲੀਲ ਤਸਵੀਰਾਂ ਦੇ ਸਕਰੀਨ ਸ਼ਾਟ ਅਤੇ ਹੋਰ ਅਸ਼ਲੀਲ ਤਸਵੀਰਾਂ ਆਪਣੇ ਦੋਸਤਾਂ ਵਿਚ ਵਾਇਰਲ ਕਰ ਦਿੱਤੀਆਂ, ਜਿਸ ਤੋਂ ਬਾਅਦ ਲੜਕੀ ਨੂੰ ਬਲੈਕਮੇਲ ਕਰਕੇ ਪੈਸੇ ਵੀ ਲਏ। ਹੱਦ ਉਦੋਂ ਹੋ ਗਈ ਜਦੋਂ ਦੋਵੇਂ ਨੌਜਵਾਨ ਲੜਕੀ ਨੂੰ ਬਲੈਕਮੇਲ ਕਰਨ ਲਈ ਉਸ ਦੇ ਘਰ ਪਹੁੰਚੇ। ਪਰਿਵਾਰ ਨੇ ਦੋਵਾਂ ਨੌਜਵਾਨਾਂ ਨੂੰ ਪੁਲਿਸ ਹਵਾਲੇ ਕਰ ਦਿੱਤਾ।
ਪੀੜਤਾ ਮੁਤਾਬਕ ਨਾਸਰ ਅਲੀ ਨੇ ਉਸ ਦੇ ਸਕਰੀਨ ਸ਼ਾਟ ਅਤੇ ਹੋਰ ਫੋਟੋਆਂ ਸੋਸ਼ਲ ਮੀਡੀਆ ‘ਤੇ ਵਾਇਰਲ ਕਰਨ ਦੇ ਨਾਂ ‘ਤੇ ਉਸ ਨੂੰ ਬਲੈਕਮੇਲ ਕਰਨਾ ਸ਼ੁਰੂ ਕਰ ਦਿੱਤਾ। ਉਸ ਨੇ ਲੜਕੀ ਤੋਂ 20 ਹਜ਼ਾਰ ਰੁਪਏ ਮੰਗੇ। ਪੈਸੇ ਨਾ ਦੇਣ ‘ਤੇ ਨਾਸਰ ਅਲੀ ਨੇ ਇਤਰਾਜ਼ਯੋਗ ਫੋਟੋਆਂ ਆਪਣੇ ਦੋਸਤ ਮੁਹੰਮਦ ਜ਼ਾਹਿਦ ਨੂੰ ਮੋਬਾਇਲ ‘ਤੇ ਭੇਜ ਦਿੱਤੀਆਂ। ਮੁਹੰਮਦ ਜ਼ਾਹਿਦ ਕੁਝ ਦਿਨ ਪਹਿਲਾਂ ਹੀ ਸਾਊਦੀ ਅਰਬ ਤੋਂ ਵਾਪਸ ਆਇਆ ਹੈ ਪਰ ਉਸ ਨੇ ਵੀ ਪੀੜਤਾ ਨੂੰ ਬਲੈਕਮੇਲ ਕਰਨਾ ਸ਼ੁਰੂ ਕਰ ਦਿੱਤਾ। ਬਦਨਾਮੀ ਦੇ ਡਰੋਂ ਪੀੜਤਾ ਨੇ ਆਪਣੇ ਪਿਤਾ ਦੇ ਗੂਗਲ ਪੇ ਤੋਂ ਮੁਹੰਮਦ ਜ਼ਾਹਿਦ ਨੂੰ 12500 ਰੁਪਏ ਭੇਜੇ।
ਮੁਲਜ਼ਮਾਂ ਦੀ ਪਛਾਣ ਮੁਹੰਮਦ ਜ਼ਾਹਿਦ ਅਤੇ ਮੁਹੰਮਦ ਕਾਸਿਮ ਵਾਸੀ ਮਾਲੇਰਕੋਟਲਾ ਵਜੋਂ ਹੋਈ ਹੈ। ਇਨ੍ਹਾਂ ਨੂੰ ਮੰਗਲਵਾਰ ਨੂੰ ਅਦਾਲਤ ਵਿਚ ਪੇਸ਼ ਕਰਕੇ ਰਿਮਾਂਡ ‘ਤੇ ਲਿਆ ਗਿਆ। ਉਸ ਦਾ ਤੀਜਾ ਸਾਥੀ ਨਾਸਰ ਅਲੀ ਵਾਸੀ ਭੈਣੀ ਕੰਬੋਆ ਥਾਣਾ ਅਮਰਗੜ੍ਹ ਜ਼ਿਲ੍ਹਾ ਮਾਲੇਰਕੋਟਲਾ ਸਾਊਦੀ ਅਰਬ ਵਿਚ ਬੈਠਾ ਹੈ। ਉਸ ਨੂੰ ਵੀ ਮਾਮਲੇ ‘ਚ ਨਾਮਜ਼ਦ ਕੀਤਾ ਗਿਆ ਹੈ।
ਪੀੜਤਾ ਜਦੋਂ ਮਾਲੇਰਕੋਟਲਾ ਦੇ ਇਕ ਪ੍ਰਾਈਵੇਟ ਸਕੂਲ ਵਿਚ ਪੜ੍ਹਦੀ ਸੀ ਤਾਂ ਉਹ ਸਕੂਲ ਵੈਨ ਵਿਚ ਜਾਂਦੀ ਸੀ। ਵੈਨ ਵਿਚ ਜਾਂਦੇ ਸਮੇਂ ਨਾਸਰ ਅਲੀ ਉਸ ਦਾ ਪਿੱਛਾ ਕਰਦਾ ਸੀ। ਵਾਰ-ਵਾਰ ਕਹਿਣ ‘ਤੇ ਲੜਕੀ ਦੀ ਨਾਸਰ ਅਲੀ ਨਾਲ ਦੋਸਤੀ ਹੋ ਗਈ। ਨਾਸਰ ਅਲੀ 24 ਜਨਵਰੀ 2023 ਨੂੰ ਸਾਊਦੀ ਅਰਬ ਗਿਆ। ਲੜਕੀ ਇਮੋ ਰਾਹੀਂ ਨਾਸਰ ਨਾਲ ਵੀਡੀਓ ਕਾਲ ਕਰਦੀ ਸੀ। ਵੀਡੀਓ ਕਾਲ ਦੌਰਾਨ ਨਾਸਰ ਅਲੀ ਲੜਕੀ ਦੇ ਕੱਪੜੇ ਉਤਰਵਾ ਲੈਂਦਾ ਸੀ। ਇਸ ਦੇ ਸਕਰੀਨ ਸ਼ਾਟ ਨਾਸਰ ਅਲੀ ਨੇ ਲਏ। ਇਸ ਤੋਂ ਬਾਅਦ ਉਹ ਹੋਰ ਪੈਸਿਆਂ ਦੀ ਮੰਗ ਕਰਨ ਲੱਗਾ, ਨਾ ਦੇਣ ‘ਤੇ ਮੁਹੰਮਦ ਜ਼ਾਹਿਦ ਆਪਣੇ ਇਕ ਹੋਰ ਸਾਥੀ ਮੁਹੰਮਦ ਕਾਸਿਮ ਨਾਲ ਪੈਸੇ ਮੰਗਦਾ ਪੀੜਤ ਦੇ ਘਰ ਪਹੁੰਚ ਗਿਆ। ਪਰਿਵਾਰਕ ਮੈਂਬਰਾਂ ਨੇ ਦੋਵਾਂ ਨੌਜਵਾਨਾਂ ਨੂੰ ਫੜ ਕੇ ਪੁਲਿਸ ਹਵਾਲੇ ਕਰ ਦਿੱਤਾ।