ਅੰਮ੍ਰਿਤਸਰ | ਸ੍ਰੀ ਗੁਰੂ ਰਾਮਦਾਸ ਜੀ ਅੰਤਰਰਾਸ਼ਟਰੀ ਹਵਾਈ ਅੱਡੇ ‘ਤੇ ਇੱਕ ਹੋਰ ਭਾਰਤੀ ਨੌਜਵਾਨ ਦੁਬਈ ਤੋਂ ਤਾਬੂਤ ਵਿਚ ਵਾਪਸ ਪਰਤਿਆ ਹੈ। ਨੌਜਵਾਨ ਹੁਸ਼ਿਆਰਪੁਰ ਜ਼ਿਲੇ ਦਾ ਰਹਿਣ ਵਾਲਾ ਹੈ ਤੇ ਕੁਝ ਸਮਾਂ ਪਹਿਲਾਂ ਪੈਸੇ ਕਮਾਉਣ ਲਈ ਦੁਬਈ ਗਿਆ ਸੀ। ਉਸਦੇ 2 ਮਾਸੂਮ ਬੱਚੇ ਉਸ ਦੇ ਆਉਣ ਦੀ ਉਡੀਕ ਕਰਦੇ ਰਹੇ।
ਹੁਸ਼ਿਆਰਪੁਰ ਜ਼ਿਲੇ ਦੇ ਪਿੰਡ ਤਲੂਨੀ ਦੇ 36 ਸਾਲਾ ਜਤਿੰਦਰ ਸਿੰਘ ਦੀ ਦੁਬਈ ਵਿਚ ਸ਼ੱਕੀ ਹਾਲਾਤਾਂ ਵਿਚ ਮੌਤ ਹੋ ਗਈ। ਉੱਘੇ ਕਾਰੋਬਾਰੀ ਅਤੇ ਸਰਬੱਤ ਦਾ ਭਲਾ ਚੈਰੀਟੇਬਲ ਟਰੱਸਟ ਦੇ ਸਰਪ੍ਰਸਤ ਡਾ. ਐਸ.ਪੀ. ਸਿੰਘ ਓਬਰਾਏ ਦੇ ਯਤਨਾਂ ਸਦਕਾ ਉਨ੍ਹਾਂ ਦੀ ਮ੍ਰਿਤਕ ਦੇਹ ਦੁਬਈ ਤੋਂ ਅੰਮ੍ਰਿਤਸਰ ਦੇ ਸ੍ਰੀ ਗੁਰੂ ਰਾਮਦਾਸ ਅੰਤਰਰਾਸ਼ਟਰੀ ਹਵਾਈ ਅੱਡੇ ‘ਤੇ ਪੁੱਜੀ।
ਡਾ. ਐਸ.ਪੀ. ਸਿੰਘ ਓਬਰਾਏ ਨੇ ਦੱਸਿਆ ਕਿ 2 ਮਾਸੂਮ ਬੱਚਿਆਂ ਦਾ ਪਿਤਾ ਜਤਿੰਦਰ ਸਿੰਘ ਕੁਝ ਸਮਾਂ ਪਹਿਲਾਂ ਬਿਹਤਰ ਭਵਿੱਖ ਦਾ ਸੁਪਨਾ ਲੈ ਕੇ ਹੋਰਨਾਂ ਨੌਜਵਾਨਾਂ ਵਾਂਗ ਦੁਬਈ ਗਿਆ ਸੀ ਪਰ ਉਸ ਦੀ ਭੇਤਭਰੀ ਹਾਲਤ ਵਿਚ ਮੌਤ ਹੋ ਗਈ। ਡਾਕਟਰ ਓਬਰਾਏ ਨੇ ਦੱਸਿਆ ਕਿ ਜਦੋਂ ਜਤਿੰਦਰ ਦੀ ਲਾਸ਼ ਲਾਵਾਰਿਸ ਪਈ ਮਿਲੀ ਤਾਂ ਭਾਰਤੀ ਦੂਤਘਰ ਨੇ ਉਨ੍ਹਾਂ ਨਾਲ ਸੰਪਰਕ ਕੀਤਾ ਅਤੇ ਉਨ੍ਹਾਂ ਸਰਬੱਤ ਦਾ ਭਲਾ ਟਰੱਸਟ ਦੀ ਹੁਸ਼ਿਆਰਪੁਰ ਇਕਾਈ ਦੇ ਪ੍ਰਧਾਨ ਅਗਿਆਪਾਲ ਸਿੰਘ ਰਾਹੀਂ ਮ੍ਰਿਤਕ ਦੇ ਪਰਿਵਾਰ ਨਾਲ ਸੰਪਰਕ ਕਰ ਕੇ ਸਾਰੀ ਜਾਣਕਾਰੀ ਹਾਸਲ ਕੀਤੀ।
ਇਸ ਤੋਂ ਬਾਅਦ ਉਨ੍ਹਾਂ ਦੀ ਦੁਬਈ ਸਥਿਤ ਟੀਮ ਨੇ ਭਾਰਤੀ ਦੂਤਾਵਾਸ ਦੀ ਮਦਦ ਨਾਲ ਜਤਿੰਦਰ ਸਿੰਘ ਦੀ ਮ੍ਰਿਤਕ ਦੇਹ ਨੂੰ ਭਾਰਤ ਭੇਜਣ ਲਈ ਸਾਰੀਆਂ ਜ਼ਰੂਰੀ ਕਾਗਜ਼ੀ ਕਾਰਵਾਈਆਂ ਪੂਰੀਆਂ ਕਰ ਲਈਆਂ, ਜਦਕਿ ਉਸ ਦੀ ਲਾਸ਼ ਨੂੰ ਭਾਰਤ ਭੇਜਣ ਦਾ ਖਰਚਾ ਦੁਬਈ ਸਥਿਤ ਭਾਰਤੀ ਦੂਤਾਵਾਸ ਨੇ ਚੁੱਕਿਆ ਹੈ। .
ਡਾ. ਐਸ.ਪੀ. ਸਿੰਘ ਓਬਰਾਏ ਨੇ ਇਥੇ ਇਹ ਵੀ ਦੱਸਿਆ ਕਿ ਜਤਿੰਦਰ ਸਿੰਘ ਦੇ ਮਾਸੂਮ ਬੱਚਿਆਂ ਅਤੇ ਪਤਨੀ ਨੂੰ 2000 ਰੁਪਏ ਦੀ ਮਹੀਨਾਵਾਰ ਪੈਨਸ਼ਨ ਸ਼ੁਰੂ ਕੀਤੀ ਗਈ ਹੈ। ਇਸ ਤੋਂ ਇਲਾਵਾ ਕੁਝ ਦਿਨ ਪਹਿਲਾਂ ਕਪੂਰਥਲਾ ਜ਼ਿਲੇ ਦੇ ਪਿੰਡ ਥਿਗਲੀ ਦੇ ਜਗਬੀਰ ਸਿੰਘ, ਅੰਮ੍ਰਿਤਸਰ ਦੇ ਕਸਬਾ ਅਜਨਾਲਾ ਨੇੜੇ ਪਿੰਡ ਮਾੜੂਸ਼ੰਗਾ ਦੇ ਬਿਕਰਮਜੀਤ ਸਿੰਘ ਅਤੇ ਮਜੀਠਾ ਨੇੜਲੇ ਪਿੰਡ ਸ਼ਾਮਨਗਰ ਦੇ ਪਲਵਿੰਦਰ ਸਿੰਘ, ਜਿਨ੍ਹਾਂ ਦੀਆਂ ਲਾਸ਼ਾਂ ਦੁਬਈ ਤੋਂ ਉਨ੍ਹਾਂ ਦੇ ਵਾਰਸਾਂ ਕੋਲ ਲਿਆਂਦੀਆਂ ਗਈਆਂ ਸਨ। ਟਰੱਸਟ ਵੱਲੋਂ ਉਨ੍ਹਾਂ ਦੇ ਪਰਿਵਾਰਾਂ ਨੂੰ 2000-2000 ਰੁਪਏ ਮਾਸਿਕ ਪੈਨਸ਼ਨ ਵੀ ਸ਼ੁਰੂ ਕੀਤੀ ਗਈ ਹੈ।
ਮਾਝਾ ਜ਼ੋਨ ਦੇ ਸਲਾਹਕਾਰ ਸੁਖਦੀਪ ਸਿੱਧੂ, ਅੰਮ੍ਰਿਤਸਰ ਦੇ ਜ਼ਿਲ੍ਹਾ ਪ੍ਰਧਾਨ ਸ਼ੀਸ਼ਪਾਲ ਸਿੰਘ ਲਾਡੀ ਅਤੇ ਆਗੂ ਜਗਦੇਵ ਸਿੰਘ ਛੀਨਾ ਨੇ ਕਿਹਾ ਕਿ ਡਾ. ਓਬਰਾਏ ਦੇ ਯਤਨਾਂ ਸਦਕਾ ਹੁਣ ਤੱਕ 373 ਦੇ ਕਰੀਬ ਮੰਦਭਾਗੇ ਵਿਅਕਤੀਆਂ ਦੀਆਂ ਲਾਸ਼ਾਂ ਉਨ੍ਹਾਂ ਦੇ ਵਾਰਸਾਂ ਤੱਕ ਪਹੁੰਚਾਈਆਂ ਜਾ ਚੁੱਕੀਆਂ ਹਨ ।