ਗੁਰਦਾਸਪੁਰ, 11 ਅਕਤੂਬਰ | ਬਟਾਲਾ ਦੇ ਡੇਰਾ ਬਾਬਾ ਨਾਨਕ ਰੋਡ ‘ਤੇ ਸਥਿਤ ਤਾਰਾਗੜ੍ਹ ਵਿਖੇ ਸੇਬਾਂ ਨਾਲ ਭਰੇ ਟਰੱਕ ਨੂੰ ਅਚਾਨਕ ਅੱਗ ਲੱਗ ਜਾਣ ਕਾਰਨ ਹਫੜਾ-ਦਫੜੀ ਮੱਚ ਗਈ। ਟਰੱਕ ਡਰਾਈਵਰ ਅਤੇ ਕਲੀਨਰ ਨੇ ਛਾਲ ਮਾਰ ਕੇ ਆਪਣੀ ਜਾਨ ਬਚਾਈ।

ਟਰੱਕ ਚਾਲਕ ਧਿਆਨ ਸਿੰਘ ਅਤੇ ਕਲੀਨਰ ਰਮਨਦੀਪ ਸਿੰਘ ਵਾਸੀ ਵਡਾਲਾ ਬਾਂਗਰ ਨੇ ਦੱਸਿਆ ਕਿ ਉਹ ਸ੍ਰੀਨਗਰ ਤੋਂ ਆਪਣੇ ਟਰੱਕ ਵਿਚ ਸੇਬ ਲੱਦ ਕੇ ਰਾਜਸਥਾਨ ਜਾ ਰਹੇ ਸਨ। ਸ਼ੁੱਕਰਵਾਰ ਸਵੇਰੇ ਕਰੀਬ 9.30 ਵਜੇ ਜਿਵੇਂ ਹੀ ਉਹ ਟਰੱਕ ਲੈ ਕੇ ਤਾਰਾਗੜ੍ਹ ਪਹੁੰਚੇ ਤਾਂ ਅਚਾਨਕ ਟਰੱਕ ਨੂੰ ਅੱਗ ਲੱਗ ਗਈ। ਅੱਗ ਇੰਨੀ ਤੇਜ਼ੀ ਨਾਲ ਕੈਬਿਨ ਵੱਲ ਫੈਲ ਗਈ ਕਿ ਉਨ੍ਹਾਂ ਨੂੰ ਕੁਝ ਕਰਨ ਜਾਂ ਸਮਝਣ ਦਾ ਮੌਕਾ ਨਹੀਂ ਮਿਲਿਆ। ਰੌਲਾ ਪਾ ਕੇ ਦੋਵਾਂ ਨੇ ਟਰੱਕ ਤੋਂ ਹੇਠਾਂ ਛਾਲ ਮਾਰ ਕੇ ਆਪਣੀ ਜਾਨ ਬਚਾਈ, ਜਿਸ ਤੋਂ ਬਾਅਦ ਮੌਕੇ ‘ਤੇ ਲੋਕ ਇਕੱਠੇ ਹੋ ਗਏ ਅਤੇ ਅੱਗ ਬੁਝਾਉਣ ਦੀ ਕੋਸ਼ਿਸ਼ ਕੀਤੀ ਗਈ ਅਤੇ ਫਾਇਰ ਬ੍ਰਿਗੇਡ ਨੂੰ ਸੂਚਿਤ ਕੀਤਾ ਗਿਆ।

ਟਰੱਕ ਨੂੰ ਅੱਗ ਲੱਗਣ ਦੀ ਸੂਚਨਾ ਮਿਲਦੇ ਹੀ ਫਾਇਰ ਬ੍ਰਿਗੇਡ ਦੇ ਮੁਲਾਜ਼ਮਾਂ ਨੇ ਮੌਕੇ ‘ਤੇ ਪਹੁੰਚ ਕੇ ਅੱਗ ‘ਤੇ ਕਾਬੂ ਪਾਇਆ। ਥਾਣਾ ਲਾਲ ਕਿਲਾ ਦੇ ਇੰਚਾਰਜ ਪ੍ਰਭਜੋਤ ਸਿੰਘ ਨੇ ਵੀ ਮੌਕੇ ‘ਤੇ ਪਹੁੰਚ ਕੇ ਮਾਮਲੇ ਦੀ ਜਾਣਕਾਰੀ ਹਾਸਲ ਕੀਤੀ। ਟਰੱਕ ਡਰਾਈਵਰ ਨੇ ਦੱਸਿਆ ਕਿ ਟਰੱਕ ਦੇ ਕੈਬਿਨ ‘ਚ ਅੱਗ ਲੱਗਣ ਕਾਰਨ ਢਾਈ ਲੱਖ ਰੁਪਏ ਦੀ ਨਕਦੀ, ਮੋਬਾਈਲ ਫ਼ੋਨ ਤੇ ਹੋਰ ਦਸਤਾਵੇਜ਼ ਸੜ ਗਏ। ਸੇਬ ਦੇ ਡੱਬੇ ਵੀ ਅੱਗ ਦੀ ਲਪੇਟ ਵਿਚ ਆ ਗਏ। ਰਾਹਗੀਰਾਂ ਅਤੇ ਫਾਇਰ ਬ੍ਰਿਗੇਡ ਨੇ ਟਰੱਕ ਵਿੱਚੋਂ ਵੱਡੀ ਗਿਣਤੀ ਵਿਚ ਸੇਬਾਂ ਦੇ ਡੱਬੇ ਕੱਢ ਲਏ ਸਨ।

AddThis Website Tools