ਜੰਮੂ, 20 ਅਕਤੂਬਰ | ਜੰਮੂ-ਸ਼੍ਰੀਨਗਰ ਨੈਸ਼ਨਲ ਹਾਈਵੇ ਦੇ ਝੱਜਰ ਕੋਟਲੀ ਇਲਾਕੇ ਵਿਚ ਇਕ ਟਰੱਕ ਦੇ ਪੁਲ ਤੋਂ ਹੇਠਾਂ ਡਿੱਗਣ ਨਾਲ ਉਸ ‘ਚ ਸਵਾਰ 4 ਲੋਕਾਂ ਦੀ ਮੌਤ ਹੋ ਗਈ। ਮਰਨ ਵਾਲਿਆਂ ਵਿਚ ਟਰੱਕ ਦਾ ਡਰਾਈਵਰ ਤੇ ਕੰਡਕਟਰ ਵੀ ਸ਼ਾਮਲ ਹਨ। ਜਾਣਕਾਰੀ ਅਨੁਸਾਰ ਟਰੱਕ ਸ਼੍ਰੀਨਗਰ ਤੋਂ ਰਾਜਸਥਾਨ ਵੱਲ ਜਾ ਰਿਹਾ ਸੀ।

ਪੁਲਿਸ ਨੇ ਮਾਮਲਾ ਦਰਜ ਕਰਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਇਹ ਹਾਦਸਾ ਵੀਰਵਾਰ ਤੇ ਸ਼ੁੱਕਰਵਾਰ ਦੀ ਦੇਰ ਰਾਤ ਕਰੀਬ 2.30 ਵਜੇ ਵਾਪਰਿਆ। ਕਸ਼ਮੀਰ ਤੋਂ ਸੇਬ ਲੈ ਕੇ ਜੰਮੂ ਵੱਲ ਆ ਰਿਹਾ ਟਰੱਕ ਪਹਿਲਾਂ ਝੱਜਰ ਪੁਲ ‘ਤੇ ਡਿਵਾਈਡਰ ਨਾਲ ਟਕਰਾਅ ਗਿਆ ਅਤੇ ਉਸ ਤੋਂ ਬਾਅਦ ਟਰੱਕ ਕਰੀਬ 80 ਫੁੱਟ ਹੇਠਾਂ ਖੱਡ ‘ਚ ਜਾ ਡਿੱਗਿਆ।

ਟਰੱਕ ਸੇਬਾਂ ਨਾਲ ਲੱਦਿਆ ਹੋਣ ਕਾਰਨ ਸੰਤੁਲਨ ਗੁਆ ਬੈਠਾ। ਮੌਕੇ ਤੋਂ ਲੰਘ ਰਹੇ ਕੁਝ ਹੋਰ ਵਾਹਨ ਚਾਲਕਾਂ ਨੇ ਹਾਦਸੇ ਸਬੰਧੀ ਝੱਜਰ ਕੋਟਲੀ ਪੁਲਿਸ ਨੂੰ ਸੂਚਨਾ ਦਿੱਤੀ, ਜਿਸ ਤੋਂ ਬਾਅਦ ਝੱਜਰ ਕੋਟਲੀ ਪੁਲਿਸ ਤੁਰੰਤ ਮੌਕੇ ‘ਤੇ ਪਹੁੰਚ ਗਈ। ਪੁਲਿਸ ਨੇ ਮੌਕੇ ‘ਤੇ ਪਹੁੰਚ ਕੇ ਬਚਾਅ ਕਾਰਜ ਸ਼ੁਰੂ ਕਰ ਦਿੱਤੇ ਹਨ। ਪੁਲਿਸ ਨੇ ਟਰੱਕ ਦੇ ਮਲਬੇ ਵਿਚ ਫਸੇ ਚਾਰੇ ਵਿਅਕਤੀਆਂ ਨੂੰ ਬਾਹਰ ਕੱਢ ਕੇ ਜੀਐੱਮਸੀ ਹਸਪਤਾਲ ਪਹੁੰਚਾਇਆ ਪਰ ਉਥੇ ਡਾਕਟਰਾਂ ਨੇ ਉਨ੍ਹਾਂ ਨੂੰ ਮ੍ਰਿਤਕ ਐਲਾਨ ਦਿੱਤਾ।