ਅੰਮ੍ਰਿਤਸਰ, 19 ਸਤੰਬਰ | ਡੀਐਸਪੀ ਵਵਿੰਦਰ ਮਹਾਜਨ ਦੀ ਗ੍ਰਿਫ਼ਤਾਰੀ ਨੂੰ ਲੈ ਕੇ ਅੰਮ੍ਰਿਤਸਰ ਅਤੇ ਬਾਰਡਰ ਰੇਂਜ ਵਿਚ ਰੈੱਡ ਅਲਰਟ ਜਾਰੀ ਕਰ ਦਿੱਤਾ ਗਿਆ ਹੈ। ਬੁੱਧਵਾਰ ਨੂੰ ਐਂਟੀ ਨਾਰਕੋਟਿਕਸ ਟਾਸਕ ਫੋਰਸ (ਏਐਨਟੀਐਫ) ਨੇ ਪਿਛਲੇ ਸਾਲ ਐਨਡੀਪੀਐਸ ਕੇਸ ਵਿਚ ਭ੍ਰਿਸ਼ਟਾਚਾਰ ਦੇ ਦੋਸ਼ਾਂ ਤਹਿਤ ਐਸਟੀਐਫ ਮੁਹਾਲੀ ਥਾਣੇ ਵਿਚ ਡੀਐਸਪੀ ਵਵਿੰਦਰ ਮਹਾਜਨ ਖ਼ਿਲਾਫ਼ ਕੇਸ ਦਰਜ ਕੀਤਾ ਹੈ। ਡੀਐਸਪੀ ਮਹਾਜਨ ਨੂੰ ਉਸ ਖ਼ਿਲਾਫ਼ ਕਾਰਵਾਈ ਹੋਣ ਦੀ ਸੂਚਨਾ ਮਿਲੀ ਸੀ, ਜਿਸ ਤੋਂ ਬਾਅਦ ਉਹ ਸਰਕਾਰੀ ਗੱਡੀ ਅਤੇ ਗੰਨਮੈਨ ਛੱਡ ਕੇ ਫਰਾਰ ਹੋ ਗਿਆ। ਉਸ ਦੇ ਦੋਵੇਂ ਫ਼ੋਨ ਵੀ ਬੰਦ ਹਨ।
ਡੀਐਸਪੀ ਵਵਿੰਦਰ ਮਹਾਜਨ ਇਸ ਸਮੇਂ 5 ਆਈਆਰਬੀ ਅੰਮ੍ਰਿਤਸਰ ਦੇ ਹੈੱਡਕੁਆਰਟਰ ਵਿਚ ਤਾਇਨਾਤ ਹਨ। ਉਹ ਪਿਛਲੇ ਕਈ ਮਹੀਨਿਆਂ ਤੋਂ ਵਿਵਾਦਾਂ ਵਿਚ ਘਿਰਿਆ ਹੋਇਆ ਸੀ, ਜਿਸ ਕਾਰਨ ਐਸਟੀਐਫ ਦੀ ਟੀਮ ਨੇ ਉਸ ’ਤੇ ਨਜ਼ਰ ਰੱਖੀ ਹੋਈ ਸੀ। ਗ੍ਰਿਫਤਾਰੀ ਲਈ ਬੁੱਧਵਾਰ ਨੂੰ ANTF ਦੀ ਟੀਮ ਨੇ ਮੂਨ ਐਵੇਨਿਊ ਸਥਿਤ ਘਰ ‘ਤੇ ਸਵੇਰੇ 4.30 ਵਜੇ ਛਾਪਾ ਮਾਰਿਆ। ਸੂਤਰਾਂ ਮੁਤਾਬਕ ਘਰ ‘ਚ ਛਾਪੇਮਾਰੀ ਕਰ ਕੇ ਭਾਰੀ ਮਾਤਰਾ ‘ਚ ਨਸ਼ੀਲੇ ਪਦਾਰਥ ਅਤੇ ਨਕਦੀ ਬਰਾਮਦ ਹੋਈ ਹੈ।
ਮਈ ਵਿਚ ਹਿਮਾਚਲ ਦੇ ਬੱਦੀ ਜ਼ਿਲ੍ਹੇ ਵਿਚ ਡੀਐਸਪੀ ਮਹਾਜਨ ਵੱਲੋਂ ਇੱਕ ਨੈੱਟਵਰਕ ਦਾ ਪਰਦਾਫਾਸ਼ ਕੀਤਾ ਗਿਆ ਸੀ, ਜਿਸ ਵਿਚ 70 ਲੱਖ ਦੇ ਕਰੀਬ ਨਸ਼ੀਲੀਆਂ ਗੋਲੀਆਂ ਬਰਾਮਦ ਹੋਈਆਂ। ਉਸ ਤੋਂ ਬਾਅਦ ਪੈਸਿਆਂ ਦੇ ਲੈਣ-ਦੇਣ ਦਾ ਮਾਮਲਾ ਵੀ ਸਾਹਮਣੇ ਆਇਆ। ਇਸ ਤੋਂ ਇਲਾਵਾ ਅੰਤਰਰਾਸ਼ਟਰੀ ਤਸਕਰੀ ਦੇ ਨੈੱਟਵਰਕ ਦਾ ਵੀ ਪਰਦਾਫਾਸ਼ ਕੀਤਾ ਗਿਆ। ਇਨ੍ਹਾਂ ਮਾਮਲਿਆਂ ‘ਚ ਕਾਫੀ ਲਾਪ੍ਰਵਾਹੀ ਸਾਹਮਣੇ ਆਈ ਸੀ, ਜਿਸ ਤੋਂ ਬਾਅਦ ਡੀ.ਐੱਸ.ਪੀ ਮਹਾਜਨ ਸੁਰਖੀਆਂ ‘ਚ ਰਹੇ ਸਨ। ਦੋ ਮਹੀਨੇ ਪਹਿਲਾਂ ਪੰਜਾਬ ਪੁਲਿਸ ਨੇ STF ਦਾ ਨਾਂ ਬਦਲ ਕੇ ਐਂਟੀ ਨਾਰਕੋਟਿਕਸ ਟਾਸਕ ਫੋਰਸ (ANTF) ਰੱਖਿਆ ਸੀ। ਇਸ ਤੋਂ ਪਹਿਲਾਂ ਮੁਲਜ਼ਮ ਡੀਐਸਪੀ ਅੰਮ੍ਰਿਤਸਰ ਐਸਟੀਐਫ ਵਿਚ ਤਾਇਨਾਤ ਸੀ।
ਡੀਐਸਪੀ ਤੋਂ 2 ਮਹੀਨੇ ਪਹਿਲਾਂ ਉਨ੍ਹਾਂ ਨੂੰ ਪੀਏਪੀ ਦੀ 9ਵੀਂ ਬਟਾਲੀਅਨ ਵਿਚ ਭੇਜਿਆ ਗਿਆ ਸੀ। ਚਾਰ ਸਾਲ ਪਹਿਲਾਂ ਉਹ ਇੰਸਪੈਕਟਰ ਤੋਂ ਡੀ.ਐਸ.ਪੀ. ਬਣਿਆ ਸੀ, ਉਦੋਂ ਤੋਂ ਉਹ ਐਸਟੀਐਫ ਵਿਚ ਨਸ਼ੀਲੇ ਪਦਾਰਥਾਂ ਨਾਲ ਸਬੰਧਤ ਕੇਸਾਂ ਨੂੰ ਸੰਭਾਲ ਰਿਹਾ ਸੀ ਪਰ ਪਿਛਲੇ ਸਾਲ ਦਸੰਬਰ ਵਿਚ ਦਰਜ ਹੋਏ ਐਨਡੀਪੀਐਸ ਕੇਸ ਦੀ ਜਾਂਚ ਵਿਚ ਭ੍ਰਿਸ਼ਟਾਚਾਰ ਦੇ ਦੋਸ਼ਾਂ ਤਹਿਤ ਡੀ.ਐਸ.ਪੀ. ਜਾਂਚ ਦੇ ਤਹਿਤ ਦੋ ਮਹੀਨੇ ਪਹਿਲਾਂ ਉਸ ਨੂੰ ਐਸਟੀਐਫ ਤੋਂ ਹਟਾ ਦਿੱਤਾ ਗਿਆ ਸੀ। ਫਿਰ ਜਾਂਚ ਤੋਂ ਬਾਅਦ ਮਾਮਲਾ ਦਰਜ ਕਰ ਕੇ ਬੁੱਧਵਾਰ ਨੂੰ ਉਸ ਨੂੰ ਗ੍ਰਿਫਤਾਰ ਕਰਨ ਦੀ ਕੋਸ਼ਿਸ਼ ਕੀਤੀ ਗਈ।