ਗੁਰਦਾਸਪੁਰ | ਇਥੋਂ ਇਕ ਦੁਖਦਾਈ ਖਬਰ ਸਾਹਮਣੇ ਆਈ ਹੈ। ਪਠਾਨਕੋਟ ਜੀਟੀ ਰੋਡ ‘ਤੇ ਮਿਲਕ ਪਲਾਂਟ ਚੌਰਾਹੇ ਵਿਚ ਦੁਪਹਿਰ ਇਕ ਦਰਦਨਾਕ ਸੜਕ ਹਾਦਸਾ ਵਾਪਰਿਆ, ਜਿਸ ਵਿਚ ਇਕ ਨੌਜਵਾਨ ਦੀ ਮੌਤ ਹੋ ਗਈ ਅਤੇ ਇਕ 15 ਸਾਲ ਦੀ ਲੜਕੀ ਅਤੇ 10 ਸਾਲ ਦਾ ਬੱਚਾ ਗੰਭੀਰ ਰੂਪ ਵਿਚ ਜ਼ਖ਼ਮੀ ਹੋ ਗਏ।

ਦੱਸਿਆ ਜਾ ਰਿਹਾ ਹੈ ਕਿ ਅਜੇਪਾਲ ਉਪਰੋਂ ਟਰੱਕ ਦਾ ਇਕ ਟਾਇਰ ਲੰਘ ਗਿਆ, ਇਸ ਲਈ ਉਸ ਦਾ ਸਰੀਰ ਬੁਰੀ ਤਰ੍ਹਾਂ ਕੁਚਲਿਆ ਗਿਆ ਤੇ ਉਸ ਦੀ ਮੌਕੇ ‘ਤੇ ਹੀ ਮੌਤ ਹੋ ਗਈ ਜਦਕਿ ਜੈਸੀਕਾ ਤੇ ਕੁਲਵੰਤ ਗੰਭੀਰ ਜ਼ਖ਼ਮੀ ਹੋ ਗਏ। ਜ਼ਖਮੀਆਂ ਨੂੰ ਇਲਾਜ ਲਈ ਪਹਿਲਾਂ ਸਿਵਲ ਹਸਪਤਾਲ ਤੇ ਫਿਰ ਸ਼ਹਿਰ ਦੇ ਇਕ ਨਿੱਜੀ ਹਸਪਤਾਲ ਦਾਖ਼ਲ ਕਰਵਾਇਆ। ਦੂਜੇ ਪਾਸੇ ਘਟਨਾ ਤੋਂ ਬਾਅਦ ਟਰੱਕ ਡਰਾਈਵਰ ਮੌਕੇ ਤੋਂ ਫਰਾਰ ਹੋ ਗਿਆ।

ਜਾਣਕਾਰੀ ਅਨੁਸਾਰ ਅਜੇਪਾਲ ਪੁੱਤਰ ਰਾਜਬੀਰ ਵਾਸੀ ਪਿੰਡ ਨਰਪੁਰ ਜੋ ਕਿ ਆਪਣੇ ਤਾਏ ਕੋਲ ਮਿਲਕ ਪਲਾਂਟ ਗੁਰਦਾਸਪੁਰ ਦੇ ਸਾਹਮਣੇ ਰਹਿੰਦਾ ਸੀ, ਚਚੇਰੀ ਭੈਣ ਜੈਸੀਕਾ ਤੇ ਭਰਾ ਕੁਲਵੰਤ ਨਾਲ ਸਕੂਟੀ ‘ਤੇ ਘਰੋਂ ਨਿਕਲਿਆ ਸੀ। ਇਸ ਦੌਰਾਨ ਦੁਪਹਿਰ ਪੌਣੇ ਇਕ ਵਜੇ ਦੇ ਕਰੀਬ ਮਿਲਕ ਪਲਾਂਟ ਚੌਰਾਹੇ ਤੋਂ ਮੋੜ ਕੱਟਦੇ ਹੋਏ ਗੁਰਦਾਸਪੁਰ ਵਾਲੇ ਪਾਸਿਓਂ ਆ ਰਹੇ ਇਕ ਸਾਮਾਨ ਨਾਲ ਲੱਦੇ ਟਰੱਕ ਨਾਲ ਉਸ ਦੀ ਟੱਕਰ ਹੋ ਗਈ।

ਥਾਣਾ ਸਿਟੀ ਗੁਰਦਾਸਪੁਰ ਦੇ ਸਬ-ਇੰਸਪੈਕਟਰ ਹਰਮੇਸ਼ ਕੁਮਾਰ ਨੇ ਦੱਸਿਆ ਕਿ ਸੂਚਨਾ ਮਿਲਣ ‘ਤੇ ਪੁਲਿਸ ਪਾਰਟੀ ਸਮੇਤ ਮੌਕੇ ‘ਤੇ ਪਹੁੰਚੇ ਅਤੇ ਅਜੇਪਾਲ ਦੀ ਲਾਸ਼ ਨੂੰ ਪੋਸਟਮਾਰਟਮ ਲਈ ਭੇਜ ਦਿੱਤਾ। ਉਨ੍ਹਾਂ ਕਿਹਾ ਕਿ ਅਣਪਛਾਤੇ ਟਰੱਕ ਦੀ ਪਛਾਣ ਕਰਨ ਲਈ ਨੇੜੇ ਦੇ ਸੀ.ਸੀ.ਟੀ.ਵੀ. ਕੈਮਰਿਆਂ ਦੀ ਫੁਟੇਜ ਚੈੱਕ ਕੀਤੀ ਜਾ ਰਹੀ ਹੈ।