ਅੰਮ੍ਰਿਤਸਰ | ਡਰੱਗ ਮਾਮਲੇ ‘ਚ ਫਸੇ ਸਾਬਕਾ ਅਕਾਲੀ ਮੰਤਰੀ ਬਿਕਰਮ ਸਿੰਘ ਮਜੀਠੀਆ ਨੇ ਅੱਜ ਬਾਬਾ ਬਕਾਲਾ ਵਿਖੇ ਗੁਰਦੁਆਰਾ ਸਾਹਿਬ ‘ਚ ਮੱਥਾ ਟੇਕਿਆ। ਇਸ ਦੌਰਾਨ ਉਨ੍ਹਾਂ ਦੀ ਧਰਮਪਤੀ ਗਿਨੀਵ ਕੌਰ ਵੀ ਉਨ੍ਹਾਂ ਨਾਲ ਸੀ, ਜੋ ਮਜੀਠੀਆ ਤੋਂ ਅਕਾਲੀ ਦਲ ਦੇ ਵਿਧਾਇਕ ਹਨ। ਇਸ ਮੌਕੇ ਬਿਕਰਮ ਸਿੰਘ ਮਜੀਠੀਆ ਨੇ ਪ੍ਰੈਸ ਕਾਨਫਰੰਸ ਦੌਰਾਨ ਆਪਣੀ ਜੇਲ੍ਹ ਯਾਤਰਾ ਬਾਰੇ ਗੱਲਬਾਤ ਕੀਤੀ। ਕਾਨਫਰੰਸ ਦੌਰਾਨ ਭਾਵੁਕ ਹੋਏ ਮਜੀਠੀਆ ਨੇ ਦੱਸਿਆ ਕਿ ਕਿਵੇਂ ਇਨ੍ਹਾਂ ਦਿਨਾਂ ਦੌਰਾਨ ਉਨ੍ਹਾਂ ਨੇ ਰਾਤਾਂ ਕੱਟੀਆਂ।
ਮਜੀਠੀਆ ਨੇ ਕਿਹਾ ਕਿ ਉਨ੍ਹਾਂ ਦੀ ਜੇਲ੍ਹ ਯਾਤਰਾ ਬਹੁਤ ਹੀ ਵਧੀਆ ਅਤੇ ਏਵਨ ਸੀ। ਉਨ੍ਹਾਂ ਕਿਹਾ ਕਿ ਭਾਵੇਂ ਉਨ੍ਹਾਂ ਨੂੰ ਜੇਲ੍ਹ ਜਾਣਾ ਪਿਆ ਪਰੰਤੂ ਉਹ ਬਹੁਤ ਕੁੱਝ ਸਿੱਖ ਕੇ ਆਏ ਹਨ। ਉਨ੍ਹਾਂ ਦੱਸਿਆ ਕਿ ਉਹ ਜੇਲ੍ਹ ਵਿੱਚ ਜ਼ਮੀਨ ‘ਤੇ ਹੀ ਸੌਂਦੇ ਸਨ, ਭਾਵੇਂ ਕਿ ਕੁੱਝ ਲੋਕਾਂ ਨੂੰ ਬੈਡ, ਗੱਦੇ ਅਤੇ ਗਰੀਨ ਚਾਹ ਦੇ ਨਾਲ ਲਾਲ ਕਾਜੂ-ਬਾਦਾਮ ਵੀ ਮੁਹੱਈਆ ਹੁੰਦੇ ਸਨ, ਜਿਸ ਬਾਰੇ ਜ਼ਿਆਦਾ ਜਾਣਕਾਰੀ ਜੇਲ੍ਹ ਮੰਤਰੀ ਹਰਜੋਤ ਬੈਂਸ ਹੀ ਦੇ ਸਕਦੇ ਹਨ।
ਮੈਨੂੰ ਤਾਂ ਬਸ ਸਿੱਧੂ ਦੀ ਚਿੰਤਾ ਹੈ…

ਮਜੀਠੀਆ ਨੇ ਜੇਲ੍ਹ ਯਾਤਰਾ ਬਾਰੇ ਹੋਰ ਜਾਣਕਾਰੀ ਦਿੰਦਿਆਂ ਕਿਹਾ ਕਿ ਮੈਨੂੰ ਨਵਜੋਤ ਸਿੰਘ ਸਿੱਧੂ ਦੀ ਚਿੰਤਾ ਹੈ, ਉਨ੍ਹਾਂ ਲਈ ਵੀ ਰੱਬ ਤੋਂ ਸੁੱਖ ਮੰਗਦਾ ਹਾਂ। ਉਨ੍ਹਾਂ ਕਿਹਾ ਕਿ ਜਿਵੇਂ ਗੁਰੂ ਸਾਹਿਬਾਨ ਨੇ ਮੱਖਣ ਸ਼ਾਹ ਲੁਬਾਣਾ ਦੀ ਬੇੜੀ ਪਾਰ ਲਗਾਈ ਸੀ, ਓਵੇਂ ਹੀ ਮੈਂ ਇਥੇ ਅਰਦਾਸ ਕਰਨ ਲਈ ਆਇਆ ਹਾਂ। ਉਨ੍ਹਾਂ ਕਿਹਾ ਕਿ ਜਾਲਮ ਸਰਕਾਰਾਂ ਨੇ ਮੇਰੇ ਨਾਲ ਧੱਕੇਸ਼ਾਹੀ ਕੀਤੀ ਹੈ, ਜਿਸ ਦਾ ਆਉਣ ਵਾਲੇ ਸਮੇਂ ‘ਚ ਪਰਦਾਫਾਸ਼ ਹੋ ਜਾਵੇਗਾ।