ਅੰਮ੍ਰਿਤਸਰ, 30 ਸਤੰਬਰ | ਬਟਾਲਾ ਰੋਡ ‘ਤੇ ਕੁੱਲੂ ਮਿੱਲ ਵਾਲੀ ਗਲੀ ‘ਚ ਉਸ ਸਮੇਂ ਹਫੜਾ-ਦਫੜੀ ਮਚ ਗਈ ਜਦੋਂ ਇਕ ਦਵਾਈਆਂ ਦੀ ਫੈਕਟਰੀ ‘ਚ ਜ਼ਬਰਦਸਤ ਧਮਾਕਾ ਹੋ ਗਿਆ। ਧਮਾਕਾ ਇੰਨਾ ਜ਼ਬਰਦਸਤ ਸੀ ਕਿ ਇਸ ਨਾਲ ਆਸ-ਪਾਸ ਦੇ ਕਈ ਘਰਾਂ ਦੇ ਸ਼ੀਸ਼ੇ ਟੁੱਟ ਗਏ ਅਤੇ ਕਰੀਬ 3 ਲੋਕ ਜ਼ਖਮੀ ਹੋ ਗਏ। ਘਟਨਾ ਦੀ ਸੂਚਨਾ ਮਿਲਦੇ ਹੀ ਪੁਲਿਸ ਪਾਰਟੀ ਮੌਕੇ ‘ਤੇ ਪਹੁੰਚ ਗਈ ਤੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ।

ਚਸ਼ਮਦੀਦਾਂ ਦਾ ਕਹਿਣਾ ਹੈ ਕਿ ਧਮਾਕਾ ਇੰਨਾ ਵੱਡਾ ਸੀ ਕਿ ਫੈਕਟਰੀ ਦੇ ਸਾਹਮਣੇ ਇਕ ਘਰ ‘ਚ ਕੁਝ ਲੋਕ ਮੌਜੂਦ ਸਨ, ਫੈਕਟਰੀ ਦੇ ਅੰਦਰੋਂ ਸ਼ੀਸ਼ਾ ਬਾਹਰ ਨਿਕਲ ਕੇ ਉਸ ਘਰ ਦੇ ਲੋਕਾਂ ਦੇ ਜਾ ਵੱਜਿਆ। ਇਸ ਕਾਰਨ ਲੋਕ ਜ਼ਖਮੀ ਹੋ ਗਏ। ਦੂਜੇ ਪਾਸੇ ਫੈਕਟਰੀ ਮਾਲਕ ਦਾ ਕਹਿਣਾ ਹੈ ਕਿ ਕੋਈ ਵੱਡਾ ਜਾਨੀ ਨੁਕਸਾਨ ਨਹੀਂ ਹੋਇਆ ਅਤੇ ਤਿੰਨ ਜਣਿਆਂ ਨੂੰ ਮਾਮੂਲੀ ਸੱਟਾਂ ਲੱਗੀਆਂ ਹਨ। ਇਹ ਧਮਾਕਾ ਫੈਕਟਰੀ ਦੇ ਅੰਦਰ ਇਕ ਮਸ਼ੀਨ ਫਟਣ ਕਾਰਨ ਹੋਇਆ। ਇਸ ਕਾਰਨ ਫੈਕਟਰੀ ਅੰਦਰ ਵੀ ਕਾਫੀ ਨੁਕਸਾਨ ਹੋਇਆ ਹੈ।

ਦੂਜੇ ਪਾਸੇ ਇਸ ਮਾਮਲੇ ‘ਚ ਮੌਕੇ ‘ਤੇ ਪਹੁੰਚੇ ਪੁਲਿਸ ਅਧਿਕਾਰੀਆਂ ਦਾ ਕਹਿਣਾ ਹੈ ਕਿ ਬਟਾਲਾ ਰੋਡ, ਕੁੱਲੂ ਮਿੱਲ ਦੀ ਗਲੀ ‘ਚ ਧਮਾਕਾ ਹੋਣ ਦੀ ਖ਼ਬਰ ਆਈ ਸੀ | ਇਸ ਤੋਂ ਬਾਅਦ ਉਹ ਮੌਕੇ ‘ਤੇ ਪਹੁੰਚੇ। ਇਥੇ ਇੱਕ ਮਸ਼ੀਨ ਵਿਚ ਧਮਾਕਾ ਹੋਇਆ ਹੈ ਤੇ ਇਸ ਧਮਾਕੇ ਵਿਚ 3 ਲੋਕ ਜ਼ਖਮੀ ਵੀ ਹੋਏ ਹਨ। ਫਿਲਹਾਲ ਉਨ੍ਹਾਂ ਨੂੰ ਇਲਾਕੇ ਦੇ ਹਸਪਤਾਲ ਭੇਜ ਦਿੱਤਾ ਗਿਆ ਹੈ ਤੇ ਬਾਕੀ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।