ਅੰਮ੍ਰਿਤਸਰ। ਅੰਮ੍ਰਿਤਸਰ ਦੇ ਅਜਨਾਲਾ ਦੇ ਸੈਲੂਨ ਵਿੱਚ ਕੰਮ ਕਰਨ ਵਾਲ਼ੀ ਇੱਕ ਲੜਕੀ ਦੇ ਅਗਵਾ ਹੋਣ ਦੀ ਖਬਰ ਸਾਹਮਣੇ ਆ ਰਹੀ ਹੈ, ਬਾਅਦ ਵਿਚ ਉਸਦੀ ਇਕ ਵੀਡੀਓ ਵਾਇਰਲ ਹੋਈ ਜਿਸ ਵਿਚ ਉਹ ਇਕ ਬੰਦ ਕਮਰੇ ਵਿਚ ਬੇਹੋਸ਼ੀ ਦੀ ਹਾਲਤ ਵਿਚ ਹੈ ਤੇ ਉਸਦਾ ਮੂੰਹ ਢਕਿਆ ਹੋਇਆ ਹੈ। ਉਸਦੇ ਘਰ ਵਾਲਿਆਂ ਨੇ ਇਸਦੀ ਪੁਲਿਸ ਨੂੰ ਸੂਚਨਾ ਦਿੱਤੀ।

ਜਾਣਕਾਰੀ ਦਿੰਦੇ ਹੋਏ ਡੀਐਸਪੀ ਦਿਹਾਤੀ ਪੁਲਿਸ ਸੰਜੀਵ ਕੁਮਾਰ ਨੇ ਦੱਸਿਆ ਕਿ ਕੋਮਲ ਨਾਂ ਦੀ ਇਕ ਲੜਕੀ ਜਿਸਦੀ ਉਮਰ 22 ਸਾਲ ਦੇ ਕਰੀਬ ਹੈ, ਇਹ ਪਿੰਡ ਦਿਆਲ ਪੱਟੀ ਦੀ ਰਹਿਣ ਵਾਲੀ ਹੈ। ਇਹ ਕੱਲ ਸ਼ਾਮ ਨੂੰ ਪੰਜ ਵਜੇ ਦੇ ਕਰੀਬ ਬੱਸ ਰਾਹੀਂ ਪਿੰਡ ਗੱਗੋ ਮਲੁ ਉੱਤਰੀ। ਉਸ ਤੋਂ ਬਾਅਦ ਉਸਦਾ ਪਤਾ ਨਹੀਂ ਲੱਗਾ।

ਘਰ ਵਾਲਿਆਂ ਨੇ ਸੋਚਿਆ ਕਿ ਕੰਮਕਾਜ ਵਿੱਚ ਲੇਟ ਹੋ ਗਈ ਹੋਣੀ ਕੁੜੀ। ਉਨ੍ਹਾਂ ਕਿਹਾ ਕਿ ਪੌਣੇ ਸੱਤ ਵਜੇ ਉਸ ਲੜਕੀ ਦੇ ਫ਼ੋਨ ਤੋਂ ਉਸਦੇ ਮੰਗੇਤਰ ਨੂੰ ਫ਼ੋਨ ਗਿਆ ਜਿਹੜਾ ਸੂਰਤ ਵਿਚ ਕੰਮ ਕਰਦਾ ਹੈ। ਉਸ ਨੂੰ ਕਿਹਾ ਗਿਆ ਕਿ ਤੁਹਾਡੀ ਮੰਗੇਤਰ ਨੂੰ ਕਿਡਨੈਪ ਕਰ ਲਿਆ ਗਿਆ ਹੈ।
ਪੁਲਿਸ ਅਧਿਕਾਰੀ ਨੇ ਦੱਸਿਆ ਕਿ ਉਸਦੇ ਮੰਗੇਤਰ ਨੇ ਸਮਝਿਆ ਕਿ ਉਸਦੇ ਨਾਲ ਮਜ਼ਾਕ ਹੋ ਰਿਹਾ ਹੈ।

ਜਦੋਂ ਉਹ ਘਰ ਨਹੀਂ ਪੁੱਜੀ ਤਾਂ ਮਾਮਲਾ ਥੋੜ੍ਹਾ ਸੀਰੀਅਸ ਹੋਇਆ। ਪੁਲਿਸ ਅਧਿਕਾਰੀ ਨੇ ਦੱਸਿਆ ਕਿ ਕੋਮਲ ਨੂੰ ਬੱਸ ‘ਚੋਂ ਉਤਰਦੇ ਨੂੰ ਕਿਸੇ ਨੇ ਨਹੀਂ ਵੇਖਿਆ। ਬੱਸ ਕੰਡਕਟਰ ਨੂੰ ਵੀ ਪੁੱਛਿਆ ਤਾਂ ਉਸ ਨੇ ਕਿਹਾ ਕਿ ਇਹ ਲੜਕੀ ਗੱਗੋ ਮਾਲ ਨਹੀਂ ਉੱਤਰੀ।

ਪੁਲਿਸ ਅਧਿਕਾਰੀ ਨੇ ਕਿਹਾ ਕਿ ਇਹ ਜਿਹੜੀ ਵੀਡੀਓ ਵਾਇਰਲ ਹੋਈ ਹੈ, ਇਹ ਗੁਰਦਾਸਪੁਰ ਤੋਂ ਬਣੀ ਹੈ ਤੇ ਇਹ ਕਿਸ ਤਰ੍ਹਾਂ ਉੱਥੇ ਚਲੇ ਗਈ, ਇਹ ਇੱਕ ਜਾਂਚ ਦਾ ਵਿਸ਼ਾ ਹੈ। ਉਨ੍ਹਾਂ ਕਿਹਾ ਕਿ ਉਸ ਤੋਂ ਬਾਅਦ ਇਕ ਵੀਡੀਓ ਵਾਇਰਲ ਹੋਈ ਹੈ ਜਿਸ ਵਿਚ ਲੜਕੀ ਦਾ ਮੂੰਹ ਢਕਿਆ ਹੋਇਆ ਹੈ। ਉਹ ਇਕ ਹਨੇਰੇ ਕਮਰੇ ਵਿੱਚ ਬੈਠੀ ਹੋਈ ਹੈ। ਅਸੀਂ ਇਸ ਦੀ ਜਾਂਚ ਕਰ ਰਹੇ ਹਾਂ ।