ਪਟਿਆਲਾ, 7 ਮਾਰਚ | ਸੰਜੇ ਕਾਲੋਨੀ ‘ਚ 15 ਸਾਲਾ ਲੜਕੀ ਦੇ ਪੇਟ ‘ਚ ਚਾਕੂ ਨਾਲ ਵਾਰ ਕਰ ਕੇ ਉਸ ਦਾ ਕਤਲ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਲੜਕੀ ਦੀ ਛੋਟੀ ਭੈਣ ਦੀ ਵੀ ਸਦਮੇ ਨਾਲ ਮੌਤ ਹੋ ਗਈ। ਦੋ ਧੀਆਂ ਦੀ ਇਕੋ ਸਮੇਂ ਹੋਈ ਮੌਤ ਕਾਰਨ ਪਰਿਵਾਰ ‘ਚ ਸੋਗ ਦਾ ਮਾਹੌਲ ਹੈ। ਫਿਲਹਾਲ ਥਾਣਾ ਕੋਤਵਾਲੀ ਦੀ ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ।

ਕਤਲ ਕੀਤੀ ਗਈ ਲੜਕੀ ਦੀ ਪਛਾਣ ਸਲਮਾ ਵਜੋਂ ਹੋਈ ਹੈ। ਮ੍ਰਿਤਕਾ ਦੀ ਮਾਤਾ ਮਨਜੀਤ ਕੌਰ ਵਾਸੀ ਸੰਜੇ ਕਾਲੋਨੀ ਨੇ ਦੱਸਿਆ ਕਿ ਬੁੱਧਵਾਰ ਦੇਰ ਸ਼ਾਮ ਉਸ ਦੀ ਵੱਡੀ ਬੇਟੀ ਸਲਮਾ ਘਰ ਦੇ ਨੇੜੇ ਬਾਜ਼ਾਰ ‘ਚੋਂ ਕੁਝ ਸਾਮਾਨ ਖਰੀਦਣ ਗਈ ਸੀ। ਵਾਪਸ ਆਉਂਦੇ ਸਮੇਂ ਮੋਟਰਸਾਈਕਲ ਸਵਾਰ 2 ਲੜਕਿਆਂ ਨੇ ਸਲਮਾ ਨੂੰ ਰਸਤੇ ਨੂੰ ਘੇਰ ਲਿਆ ਅਤੇ ਉਸ ਨੂੰ ਜ਼ਬਰਦਸਤੀ ਘਸੀਟਣਾ ਸ਼ੁਰੂ ਕਰ ਦਿੱਤਾ। ਜਿਵੇਂ ਹੀ ਸਲਮਾ ਨੇ ਆਪਣਾ ਹੱਥ ਛੁਡਾਇਆ ਅਤੇ ਭੱਜਣ ਦੀ ਕੋਸ਼ਿਸ਼ ਕੀਤੀ ਤਾਂ ਦੋਸ਼ੀ ਨੇ ਉਸ ਦੇ ਪੇਟ ਵਿਚ ਚਾਕੂ ਨਾਲ ਵਾਰ ਕਰ ਦਿੱਤਾ।

ਰੌਲਾ ਸੁਣ ਕੇ ਮਨਜੀਤ ਕੌਰ ਘਰੋਂ ਬਾਹਰ ਆਈ ਤਾਂ ਦੇਖਿਆ ਕਿ ਉਸ ਦੀ ਲੜਕੀ ਖੂਨ ਨਾਲ ਲੱਥਪੱਥ ਜ਼ਮੀਨ ‘ਤੇ ਪਈ ਸੀ। ਉਸ ਨੂੰ ਤੁਰੰਤ ਹਸਪਤਾਲ ਲਿਜਾਇਆ ਗਿਆ, ਜਿੱਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ। ਵੱਡੀ ਭੈਣ ਦੀ ਮੌਤ ਤੋਂ ਸਦਮੇ ਵਿਚ ਬੈਠੀ ਛੋਟੀ ਭੈਣ ਹੁਸਨਪ੍ਰੀਤ (ਛੇ ਸਾਲ) ਦੀ ਸਿਹਤ ਵਿਗੜ ਗਈ। ਹਸਪਤਾਲ ਲਿਆਂਦਾ ਗਿਆ, ਜਿਥੇ ਵੀਰਵਾਰ ਸਵੇਰੇ ਇਲਾਜ ਦੌਰਾਨ ਉਸ ਦੀ ਵੀ ਮੌਤ ਹੋ ਗਈ।

ਮ੍ਰਿਤਕ ਦੀ ਮਾਂ ਮਨਜੀਤ ਕੌਰ ਨੇ ਦੱਸਿਆ ਕਿ ਉਹ ਮੁਲਜ਼ਮ ਲੜਕੇ ਵਿਚੋਂ ਇੱਕ ਨੂੰ ਜਾਣਦੀ ਸੀ, ਜਿਸ ਦਾ ਨਾਂ ਅਰੁਣ ਹੈ। ਮੁਲਜ਼ਮ ਪਹਿਲਾਂ ਵੀ ਉਸ ਦੀ ਲੜਕੀ ਨੂੰ ਤੰਗ ਪ੍ਰੇਸ਼ਾਨ ਕਰਦਾ ਸੀ। ਅਰੁਣ ਉਸ ਦੀ ਧੀ ਨਾਲ ਵਿਆਹ ਕਰਨਾ ਚਾਹੁੰਦਾ ਸੀ। ਇਸ ਸਬੰਧੀ ਉਨ੍ਹਾਂ ਵੱਲੋਂ ਪੁਲਿਸ ਕੋਲ ਸ਼ਿਕਾਇਤ ਵੀ ਦਰਜ ਕਰਵਾਈ ਗਈ ਸੀ।

ਇਸ ਮੌਕੇ ਹਸਪਤਾਲ ਪਹੁੰਚੀ ਭਾਜਪਾ ਆਗੂ ਜੈਇੰਦਰਾ ਕੌਰ ਨੇ ਦੱਸਿਆ ਕਿ ਪਰਿਵਾਰਕ ਮੈਂਬਰਾਂ ਅਨੁਸਾਰ ਮੁਲਜ਼ਮਾਂ ਖ਼ਿਲਾਫ਼ ਪੁਲਿਸ ਨੂੰ ਸ਼ਿਕਾਇਤ ਕਰਨ ਦੇ ਬਾਵਜੂਦ ਕੋਈ ਕਾਰਵਾਈ ਨਹੀਂ ਹੋਈ, ਜਿਸ ਕਾਰਨ ਦੋਸ਼ੀਆਂ ਦਾ ਮਨੋਬਲ ਵਧ ਗਿਆ ਅਤੇ ਉਨ੍ਹਾਂ ਨੇ ਵਾਰਦਾਤ ਨੂੰ ਅੰਜਾਮ ਦਿੱਤਾ। ਜੈਇੰਦਰਾ ਕੌਰ ਨੇ ਕਿਹਾ ਕਿ ਪੰਜਾਬ ਦੀ ਵਿਗੜ ਰਹੀ ਅਮਨ-ਕਾਨੂੰਨ ਦੀ ਸਥਿਤੀ ਮਾਨ ਸਰਕਾਰ ਨੂੰ ਸਿੱਧੇ ਕਟਹਿਰੇ ‘ਚ ਖੜ੍ਹਾ ਕਰਦੀ ਹੈ। ਉਨ੍ਹਾਂ ਪੁਲਿਸ ਪ੍ਰਸ਼ਾਸਨ ਤੋਂ ਮੰਗ ਕੀਤੀ ਕਿ ਮੁਲਜ਼ਮਾਂ ਦੀ ਸ਼ਨਾਖ਼ਤ ਕਰ ਕੇ ਕੇਸ ਦਰਜ ਕਰ ਕੇ ਜਲਦੀ ਗ੍ਰਿਫ਼ਤਾਰ ਕੀਤਾ ਜਾਵੇ।