ਲੁਧਿਆਣਾ, 6 ਮਾਰਚ | ਸ਼ੇਰਪੁਰ ਇਲਾਕੇ ‘ਚ ਐਤਵਾਰ ਨੂੰ ਇਕ ਤੇਜ਼ ਰਫ਼ਤਾਰ ਆਟੋ ਨੇ ਪੈਦਲ ਜਾ ਰਹੇ ਇਕ ਪਰਿਵਾਰ ਨੂੰ ਕੁਚਲ ਦਿੱਤਾ। ਇਸ ਹਾਦਸੇ ‘ਚ 3 ਬੱਚਿਆਂ ਸਮੇਤ 4 ਲੋਕ ਜ਼ਖਮੀ ਹੋ ਗਏ। ਆਟੋ ਚਾਲਕ ਨੇ ਲੋਕਾਂ ਦੀ ਮਦਦ ਨਾਲ ਜ਼ਖਮੀਆਂ ਨੂੰ ਹਸਪਤਾਲ ਪਹੁੰਚਾਇਆ, ਜਿਥੇ ਚਾਲਕ ਆਟੋ ਛੱਡ ਕੇ ਫਰਾਰ ਹੋ ਗਿਆ। ਇਸ ਦੇ ਨਾਲ ਹੀ ਬੱਚੇ ਦੀ ਹਾਲਤ ਨਾਜ਼ੁਕ ਹੋਣ ‘ਤੇ ਉਸ ਨੂੰ ਪੀ.ਜੀ.ਆਈ. ਰੈਫਰ ਕੀਤਾ ਗਿਆ, ਜਿਥੇ ਇਲਾਜ ਦੌਰਾਨ ਬੱਚੇ ਦੀ ਮੌਤ ਹੋ ਗਈ।

ਬਾਕੀ ਜ਼ਖਮੀਆਂ ਨੂੰ ਇਲਾਜ ਤੋਂ ਬਾਅਦ ਘਰ ਭੇਜ ਦਿੱਤਾ ਗਿਆ ਹੈ। ਇਸ ਦੇ ਨਾਲ ਹੀ ਪਰਿਵਾਰ ਦੇ ਬਿਆਨਾਂ ਦੇ ਆਧਾਰ ‘ਤੇ ਥਾਣਾ ਡਿਵੀਜ਼ਨ ਨੰਬਰ 6 ਦੀ ਪੁਲਿਸ ਨੇ ਅਣਪਛਾਤੇ ਆਟੋ ਚਾਲਕ ਖਿਲਾਫ ਮਾਮਲਾ ਦਰਜ ਕਰ ਲਿਆ ਹੈ। ਘਟਨਾ ਨਾਲ ਸਬੰਧਤ ਸੀਸੀਟੀਵੀ ਫੁਟੇਜ ਵੀ ਸਾਹਮਣੇ ਆਈ ਹੈ, ਜਿਸ ‘ਚ ਆਟੋ ਤੇਜ਼ ਰਫਤਾਰ ‘ਤੇ ਆ ਕੇ ਲੋਕਾਂ ਨੂੰ ਕੁਚਲਦਾ ਸਾਫ ਦਿਖਾਈ ਦੇ ਰਿਹਾ ਹੈ।

ਬਿਹਾਰ ਦੇ ਮੁਜ਼ੱਫਰਪੁਰ ਜ਼ਿਲੇ ਦੇ ਪਿੰਡ ਖਾਂਗਪੁਰਾ ਦੇ ਵਸਨੀਕ ਵਿਸ਼ਨੂੰ ਨੇ ਦੱਸਿਆ ਕਿ ਉਹ ਪਿਛਲੇ 6 ਸਾਲਾਂ ਤੋਂ ਲੁਧਿਆਣਾ ਦੇ ਗਿਆਸਪੁਰਾ ‘ਚ ਰਹਿ ਰਿਹਾ ਹੈ ਅਤੇ ਲੋਹੇ ਦੀ ਫੈਕਟਰੀ ‘ਚ ਕੰਮ ਕਰਦਾ ਹੈ। ਉਨ੍ਹਾਂ ਦੇ ਦੋ ਬੇਟੇ ਅਤੇ ਇਕ ਬੇਟੀ ਹੈ। ਪਿਛਲੇ 2 ਦਿਨਾਂ ਤੋਂ ਉਸ ਦੇ ਕਮਰੇ ‘ਚ ਲਾਈਟ ਨਹੀਂ ਸੀ। ਇਸ ਕਾਰਨ ਉਹ ਐਤਵਾਰ ਸਵੇਰੇ 9.20 ਵਜੇ ਆਪਣੇ ਤਿੰਨ ਬੱਚਿਆਂ ਸਮੇਤ ਪੈਦਲ ਨਹਾਉਣ ਲਈ ਫੈਕਟਰੀ ਜਾ ਰਿਹਾ ਸੀ।

ਰਸਤੇ ‘ਚ ਪਿੱਛੇ ਤੋਂ ਆ ਰਹੇ ਇਕ ਤੇਜ਼ ਰਫ਼ਤਾਰ ਆਟੋ ਨੇ ਚਾਰਾਂ ਨੂੰ ਜ਼ੋਰਦਾਰ ਟੱਕਰ ਮਾਰ ਦਿੱਤੀ। ਹਾਦਸੇ ‘ਚ ਉਹ, ਉਸ ਦਾ 12 ਸਾਲਾ ਬੇਟਾ ਸਤਿਅਮ ਅਤੇ ਚਾਰ ਹੋਰ ਗੰਭੀਰ ਰੂਪ ‘ਚ ਜ਼ਖਮੀ ਹੋ ਗਏ। ਹਾਦਸੇ ਦੌਰਾਨ ਸੜਕ ‘ਤੇ ਚੀਕ ਚਿਹਾੜਾ ਪੈ ਗਿਆ। ਇਸ ਦੇ ਨਾਲ ਹੀ ਆਟੋ ਚਾਲਕ ਨੇ ਲੋਕਾਂ ਦੀ ਮਦਦ ਨਾਲ ਸਾਰਿਆਂ ਨੂੰ ਸਿਵਲ ਹਸਪਤਾਲ ਪਹੁੰਚਾਇਆ, ਜਿਥੋਂ ਪੁੱਤਰ ਸਤਿਅਮ ਦੀ ਗੰਭੀਰ ਹਾਲਤ ਨੂੰ ਦੇਖਦੇ ਹੋਏ ਉਸ ਨੂੰ ਪੀ.ਜੀ.ਆਈ. ਰੈਫਰ ਕੀਤਾ ਗਿਆ, ਜਿੱਥੇ ਇਲਾਜ ਦੌਰਾਨ ਉਸ ਦੀ ਮੌਤ ਹੋ ਗਈ।

ਇਸ ਦੇ ਨਾਲ ਹੀ ਉਸ ਦੇ ਹੋਰ 2 ਬੱਚਿਆਂ ਨੂੰ ਟਾਂਕੇ ਲੱਗੇ। ਮੰਗਲਵਾਰ ਨੂੰ ਸ਼ੇਰਪੁਰ ਚੌਂਕੀ ਪੁਲਿਸ ਨੇ ਸਤਿਅਮ ਦਾ ਪੋਸਟਮਾਰਟਮ ਕਰਵਾ ਕੇ ਪਰਿਵਾਰਕ ਮੈਂਬਰਾਂ ਨੂੰ ਸੌਂਪ ਦਿੱਤਾ। ਥਾਣਾ ਡਿਵੀਜ਼ਨ ਨੰਬਰ 6 ਦੇ ਐਸਐਚਓ ਵਿਕਰਮਜੀਤ ਸਿੰਘ ਨੇ ਦੱਸਿਆ ਕਿ ਸੀਸੀਟੀਵੀ ਦੇ ਆਧਾਰ ’ਤੇ ਆਟੋ ਚਾਲਕ ਦੀ ਪਛਾਣ ਕਰ ਕੇ ਜਲਦੀ ਹੀ ਕਾਬੂ ਕਰ ਲਿਆ ਜਾਵੇਗਾ। ਪੁਲਿਸ ਨੇ ਮੁਲਜ਼ਮ ਦਾ ਆਟੋ ਜ਼ਬਤ ਕਰ ਲਿਆ ਹੈ।