ਅੰਮ੍ਰਿਤਸਰ। ਸ਼ਰਾਬ ਦੀ ਤੈਅ ਕੀਮਤ ਤੋਂ ਵੱਧ ਪੈਸੇ ਮੰਗਣ ਨੂੰ ਲੈ ਕੇ ਹੋਏ ਝਗੜੇ ‘ਚ ਠੇਕਾ ਮੁਲਾਜ਼ਮਾਂ ਨੇ ਨੌਜਵਾਨ ਦੀ ਕੁੱਟਮਾਰ ਕੀਤੀ, ਜਿਸ ਤੋਂ ਬਾਅਦ ‘ਚ ਨੌਜਵਾਨ ਦੀ ਮੌਤ ਹੋ ਗਈ। ਮ੍ਰਿਤਕ ਦੀ ਪਛਾਣ ਅਰਵਿਨ ਕੁਮਾਰ (32) ਪੁੱਤਰ ਜਗਰੋਸ਼ਨ ਵਾਸੀ ਸੰਤ ਨਗਰ ਵੇਰਕਾ ਵਜੋਂ ਹੋਈ ਹੈ।

ਮ੍ਰਿਤਕ ਦੇ ਭਰਾ ਪਰਵੀਨ ਕੁਮਾਰ ਨੇ ਦੱਸਿਆ ਕਿ ਸ਼ੁੱਕਰਵਾਰ ਰਾਤ ਕਰੀਬ 10 ਵਜੇ ਅਸੀਂ ਦੋਵੇਂ ਜੀਜਾ ਮੋਨੂੰ ਨਾਲ ਰੇਲਵੇ ਫਾਟਕ ਨੇੜੇ ਸਥਿਤ ਸ਼ਰਾਬ ਦੇ ਠੇਕੇ ‘ਤੇ ਗਏ। ਜਦੋਂ ਮੇਰੇ ਜੀਜਾ ਨੇ ਸ਼ਰਾਬ ਦੀ ਬੋਤਲ ਦਾ ਰੇਟ ਪੁੱਛਿਆ ਤਾਂ ਮੁਲਾਜ਼ਮ ਨੇ ਉਸ ਨੂੰ ਤੈਅ ਰੇਟ ਤੋਂ 50 ਰੁਪਏ ਵੱਧ ਦੱਸ ਦਿੱਤਾ, ਜਿਸ ਕਾਰਨ ਮੇਰੇ ਜੀਜੇ ਦੀ ਸ਼ਰਾਬ ਦੇ ਠੇਕੇ ‘ਤੇ ਲੱਗੇ ਮੁਲਾਜ਼ਮਾਂ ਨਾਲ ਬਹਿਸ ਹੋ ਗਈ। ਇਸ ਦੌਰਾਨ ਉਕਤ ਮੁਲਾਜ਼ਮ ਠੇਕੇ ਤੋਂ ਬਾਹਰ ਆ ਗਏ ਅਤੇ ਮੇਰੇ ਤੇ ਮੇਰੇ ਜੀਜੇ ਦੇ ਨਾਲ  ਕੁੱਟਮਾਰ ਕਰਨੀ ਸ਼ੁਰੂ ਕਰ ਦਿੱਤੀ।

ਜਦੋਂ ਅਸੀਂ ਆਪਨੇ ਜੀਜੇ ਨੂੰ ਛੁਡਾਉਣ ਲੱਗੇ ਤਾਂ ਸਾਰੇ ਠੇਕਾ ਕਰਮਚਾਰੀਆਂ ਨੇ ਬੋਤਲਾਂ ਅਤੇ ਬੇਸਬਾਲ ਨਾਲ ਹਮਲਾ ਕਰ ਦਿੱਤਾ। ਜਿਸ ਵਿੱਚ ਮੇਰਾ ਭਰਾ ਅਰਵਿਨ ਕੁਮਾਰ, ਜੋ ਸਾਨੂੰ ਬਚਾਉਣ ਲਈ ਆਇਆ ਸੀ, ਨੂੰ ਅੰਦਰੂਨੀ ਸੱਟਾਂ ਲੱਗੀਆਂ। ਉਸ ਦੀ ਸਿਹਤ ਵਿਗੜਨ ‘ਤੇ ਅਸੀਂ ਉਸ ਨੂੰ ਇਲਾਜ ਲਈ ਗੁਰੂ ਨਾਨਕ ਦੇਵ ਹਸਪਤਾਲ ‘ਚ ਦਾਖਲ ਕਰਵਾਇਆ, ਜਿੱਥੇ ਐਤਵਾਰ ਅੱਜ ਸਵੇਰੇ ਉਸ ਦੀ ਮੌਤ ਹੋ ਗਈ।ਜਿਸਦੀ ਅਸੀਂ ਥਾਣਾ ਵੇਰਕਾ ਵਿਖੇ ਸੂਚਨਾ ਦੇ ਦਿੱਤੀ ਹੈ।
ਪੀੜਤ ਪਰਿਵਾਰ ਨੇ ਪ੍ਰਸ਼ਾਸਨ ਤੋਂ ਮੰਗ ਕੀਤੀ ਹੈ ਕਿ ਅਰਵਿਨ ਕੁਮਾਰ ਦੀ ਕੁੱਟਮਾਰ ਕਰਨ ਵਾਲਿਆਂ ਖ਼ਿਲਾਫ਼ ਸਖ਼ਤ ਕਾਰਵਾਈ ਕਰਕੇ ਇਨਸਾਫ਼ ਦਿਵਾਇਆ ਜਾਵੇ। ਉਥੇ ਹੀ ਦੂਜੇ ਪਾਸੇ ਥਾਣਾ ਵੇਰਕਾ ਦੇ ਇੰਚਾਰਜ ਕਿਰਨਦੀਪ ਸਿੰਘ ਨੇ ਦੱਸਿਆ ਕਿ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ, ਮ੍ਰਿਤਕ ਦਾ ਪੋਸਟਮਾਰਟਮ ਕਰਵਾਇਆ ਜਾ ਰਿਹਾ ਹੈ। ਪੋਸਟਮਾਰਟਮ ਦੀ ਰਿਪੋਰਟ ਆਉਣ ਤੋਂ ਬਾਅਦ ਜੋ ਵੀ ਬਣਦੀ ਕਾਰਵਾਈ ਕੀਤੀ ਜਾਵੇਗੀ।