ਜਲੰਧਰ, 25 ਅਕਤੂਬਰ | ਫਗਵਾੜਾ ਤੋਂ ਆਪਣੀ ਨਾਨੀ ਦੀ ਮੌਤ ਦੀ ਖ਼ਬਰ ਸੁਣ ਕੇ ਦੋਹਤਾ ਜਲੰਧਰ ਦੇ ਹਰਨਾਮ ਦਾਸਪੁਰਾ ਸ਼ਾਮਾਨਘਾਟ ਵਿਖੇ ਆਇਆ ਤਾਂ ਕਾਰ ਖੜ੍ਹੀ ਕਰਨ ਨੂੰ ਲੈ ਕੇ ਮਕਾਨ ਮਾਲਕ ਨੇ ਪਰਿਵਾਰਕ ਮੈਂਬਰਾਂ ਨਾਲ ਉਸ ਨਾਲ ਝਗੜਾ ਸ਼ੁਰੂ ਕਰ ਦਿੱਤਾ। ਇਸ ਤੋਂ ਬਾਅਦ ਮਕਾਨ ਮਾਲਕ ਨੇ ਸਾਥੀਆਂ ਸਮੇਤ ਦੋਹਤੇ ’ਤੇ ਹਮਲਾ ਕਰਕੇ ਉਸ ਦਾ ਸਿਰ ਪਾੜ ਦਿੱਤਾ ਤੇ ਖ਼ੂਨ ਨਾਲ ਲੱਥਪੱਥ ਹਾਲਤ ’ਚ ਪਾਰਸ ਬਾਲੀ ਪੁੱਤਰ ਰਾਕੇਸ਼ ਬਾਲੀ ਵਾਸੀ ਨਿਊ ਪਟੇਲ ਨਗਰ ਫਗਵਾੜਾ ਨੂੰ ਇਲਾਜ ਲਈ ਸਿਵਲ ਹਸਪਤਾਲ ਪਹੁੰਚਾਇਆ, ਜਿਥੇ ਜ਼ਖ਼ਮੀ ਨੇ ਐੱਮ. ਐੱਲ. ਆਰ. ਕਟਵਾ ਕੇ ਥਾਣਾ 2 ਵਿਖੇ ਸ਼ਿਕਾਇਤ ਦਰਜ ਕਰਵਾਈ।

ਜ਼ਖ਼ਮੀ ਨੇ ਦੱਸਿਆ ਕਿ ਨਾਨੀ ਦਾ ਅੰਤਿਮ ਸੰਸਕਾਰ ਕਰਨ ਸਮੇਂ ਉਸ ਨੇ ਕਾਰ ਗਲੀ ’ਚ ਇਕ ਘਰ ਦੇ ਅੱਗੇ ਖੜ੍ਹੀ ਕਰ ਦਿੱਤੀ ਸੀ। ਉਕਤ ਵਿਅਕਤੀ ਨੇ ਆਪਣੇ ਲੜਕਿਆਂ ਨਾਲ ਮਿਲ ਕੇ ਉਸ ਦੇ ਸਿਰ ’ਤੇ ਲੋਹੇ ਦੀ ਰਾਡ ਨਾਲ ਹਮਲਾ ਕਰ ਦਿੱਤਾ। ਇਸ ਸਬੰਧੀ ਐੱਸ. ਐੱਚ. ਓ. ਗੁਰਪ੍ਰੀਤ ਸਿੰਘ ਦਾ ਕਹਿਣਾ ਹੈ ਕਿ ਜ਼ਖ਼ਮੀ ਦੇ ਬਿਆਨ ਦਰਜ ਕਰਕੇ ਬਣਦੀ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ।