ਚੰਡੀਗੜ੍ਹ | ਸ੍ਰੀ ਹੇਮਕੁੰਟ ਸਾਹਿਬ ਦੀ ਯਾਤਰਾ ‘ਤੇ ਪਾਕਿਸਤਾਨ ਤੋਂ ਆਏ ਜਥੇ ਦੀ ਬੱਸ ਹਾਦਸੇ ਦਾ ਸ਼ਿਕਾਰ ਹੋ ਗਈ। ਗੁਰਦੁਆਰਾ ਸਾਹਿਬ ਦੇ ਦਰਸ਼ਨਾਂ ਲਈ ਆਏ ਪਾਕਿਸਤਾਨੀ ਸ਼ਰਧਾਲੂਆਂ ਦੀ ਬੱਸ ਜਦੋਂ ਗੋਵਿੰਦ ਘਾਟ ਗੁਰਦੁਆਰੇ ਵੱਲ ਆ ਰਹੀ ਸੀ ਤਾਂ ਢਲਾਣ ਕਾਰਨ ਅਚਾਨਕ ਬੱਸ ਬੇਕਾਬੂ ਹੋ ਗਈ ਅਤੇ ਅੱਗੇ ਜਾ ਰਹੀ ਭਾਰੀ ਬਿਜਲੀ ਲਾਈਨ ਦੀਆਂ ਤਾਰਾਂ ਨਾਲ ਲਟਕ ਗਈ। ਬੱਸ ਵਿਚ 15 ਔਰਤਾਂ, ਮਰਦ ਅਤੇ ਬੱਚੇ ਸਵਾਰ ਸਨ। ਖੁਸ਼ਕਿਸਮਤੀ ਰਹੀ ਕਿ ਬੱਸ ਖੱਡ ਵਿਚ ਨਹੀਂ ਡਿੱਗੀ, ਨਹੀਂ ਤਾਂ ਵੱਡਾ ਹਾਦਸਾ ਵਾਪਰ ਸਕਦਾ ਸੀ।

ਸੂਚਨਾ ਮਿਲਣ ‘ਤੇ ਪੁਲਿਸ ਟੀਮ ਮੌਕੇ ‘ਤੇ ਪਹੁੰਚ ਗਈ ਅਤੇ ਉਨ੍ਹਾਂ ਨੇ ਮੌਕੇ ‘ਤੇ ਪਹੁੰਚ ਕੇ ਬਿਜਲੀ ਵਿਭਾਗ ਨਾਲ ਸੰਪਰਕ ਕਰਕੇ ਬਿਜਲੀ ਦੀ ਲਾਈਨ ਬੰਦ ਕਰਵਾਈ ਅਤੇ ਬੱਸ ‘ਚ ਸਵਾਰ ਮੁਸਾਫ਼ਿਰਾਂ ਨੂੰ ਸੁਰੱਖਿਅਤ ਬਾਹਰ ਕੱਢ ਲਿਆ। 2 ਮਸ਼ੀਨਾਂ ਦੀ ਮਦਦ ਨਾਲ ਗੱਡੀ ਨੂੰ ਸੁਰੱਖਿਅਤ ਸੜਕ ‘ਤੇ ਲਿਆਂਦਾ ਗਿਆ।

ਸਿੱਖਾਂ ਦੇ ਪਵਿੱਤਰ ਅਸਥਾਨ ਹੇਮਕੁੰਟ ਸਾਹਿਬ ਵਿਖੇ ਮੱਥਾ ਟੇਕਣ ਲਈ ਪਾਕਿਸਤਾਨ ਦੇ ਕਰਾਚੀ ਤੋਂ ਸ਼ਰਧਾਲੂਆਂ ਦਾ 65 ਮੈਂਬਰੀ ਜਥਾ ਪਹੁੰਚਿਆ ਹੈ। 27 ਸਤੰਬਰ ਨੂੰ ਪਾਕਿਸਤਾਨ ਤੋਂ ਸ਼ਰਧਾਲੂਆਂ ਦਾ ਇਹ ਜਥਾ ਬਾਘਾ ਸਰਹੱਦ ਰਾਹੀਂ ਭਾਰਤ ਪਹੁੰਚਿਆ ਸੀ।

7 ਅਕਤੂਬਰ ਨੂੰ ਸ੍ਰੀ ਹੇਮਕੁੰਟ ਸਾਹਿਬ ਵਿਖੇ ਮੱਥਾ ਟੇਕਣ ਤੋਂ ਬਾਅਦ ਐਤਵਾਰ ਨੂੰ ਸਾਰੇ ਸ਼ਰਧਾਲੂ ਗੋਵਿੰਦਘਾਟ ਪਹੁੰਚੇ। ਯਾਤਰਾ ‘ਤੇ ਆਏ ਇਸ ਜਥੇ ‘ਚ ਅਧਿਆਪਕ ਅਤੇ ਕਾਰੋਬਾਰੀ ਸ਼ਾਮਲ ਹਨ, ਜਿਸ ਵਿਚ 17 ਸਾਲ ਤੋਂ ਲੈ ਕੇ 60 ਸਾਲ ਤੱਕ ਦੇ ਬਜ਼ੁਰਗ ਸ਼ਾਮਲ ਹੋਏ।