ਮਹਾਰਾਸ਼ਟਰ, 28 ਜਨਵਰੀ | ਮਹਾਰਾਸ਼ਟਰ ਦੇ ਉਪ ਮੁੱਖ ਮੰਤਰੀ ਅਤੇ ਨੈਸ਼ਨਲਿਸਟ ਕਾਂਗਰੇਸ ਪਾਰਟੀ (ਐਨਸੀਪੀ) ਦੇ ਨੇਤਾ ਅਜੀਤ ਪਵਾਰ ਦੀ ਅੱਜ ਸਵੇਰੇ ਬਾਰਾਮਤੀ ਵਿੱਚ ਵਿਮਾਨ ਹਾਦਸੇ ਵਿੱਚ ਮੌਤ ਹੋ ਗਈ ਹੈ। ਉਹ 66 ਸਾਲ ਦੇ ਸਨ। ਉਨ੍ਹਾਂ ਨੂੰ ਲੈ ਕੇ ਜਾ ਰਿਹਾ ਲੀਅਰਜੈੱਟ 45 ਵਿਮਾਨ (VT-SSK) ਮੁੰਬਈ ਤੋਂ ਬਾਰਾਮਤੀ ਏਅਰਪੋਰਟ ‘ਤੇ ਲੈਂਡਿੰਗ ਦੌਰਾਨ ਕੰਟਰੋਲ ਗੁਆ ਬੈਠਿਆ, ਰਨਵੇ ਤੋਂ ਬਾਹਰ ਨਿਕਲ ਗਿਆ ਅਤੇ ਅੱਗ ਲੱਗਣ ਕਾਰਨ ਤਬਾਹ ਹੋ ਗਿਆ। ਇਸ ਹਾਦਸੇ ਵਿੱਚ ਅਜੀਤ ਪਵਾਰ ਸਮੇਤ ਵਿਮਾਨ ਵਿੱਚ ਸਵਾਰ ਪੰਜਾਂ ਵਿਅਕਤੀਆਂ (ਦੋ ਕਰੂ ਮੈਂਬਰਾਂ ਸਮੇਤ) ਦੀ ਮੌਤ ਹੋ ਗਈ। ਡੀਜੀਸੀਏ ਅਤੇ ਹੋਰ ਅਧਿਕਾਰੀਆਂ ਨੇ ਪੁਸ਼ਟੀ ਕੀਤੀ ਹੈ ਕਿ ਕੋਈ ਵੀ ਜਿਉਂਦਾ ਨਹੀਂ ਬਚਿਆ। ਅਜੀਤ ਪਵਾਰ ਜ਼ਿਲ੍ਹਾ ਪਰਿਸ਼ਦ ਚੋਣਾਂ ਨਾਲ ਜੁੜੀਆਂ ਚਾਰ ਜਨਤਕ ਮੀਟਿੰਗਾਂ ਨੂੰ ਸੰਬੋਧਨ ਕਰਨ ਲਈ ਬਾਰਾਮਤੀ ਜਾ ਰਹੇ ਸਨ। ਹਾਦਸੇ ਦੀ ਜਾਂਚ ਸ਼ੁਰੂ ਹੋ ਚੁੱਕੀ ਹੈ।

ਅਜੀਤ ਪਵਾਰ ਮਹਾਰਾਸ਼ਟਰ ਸਿਆਸਤ ਵਿੱਚ ‘ਦਾਦਾ’ ਵਜੋਂ ਮਸ਼ਹੂਰ ਸਨ ਅਤੇ ਚਾਰ ਦਹਾਕਿਆਂ ਤੋਂ ਵੱਧ ਸਮੇਂ ਤੱਕ ਸਰਗਰਮ ਰਹੇ। ਉਨ੍ਹਾਂ ਨੇ ਆਪਣੇ ਸਿਆਸੀ ਸਫ਼ਰ ਦੀ ਸ਼ੁਰੂਆਤ 1982 ਵਿੱਚ ਇੱਕ ਸਹਿਕਾਰੀ ਖੰਡ ਮਿੱਲ ਦੇ ਬੋਰਡ ਮੈਂਬਰ ਵਜੋਂ ਕੀਤੀ ਸੀ। ਬਾਅਦ ਵਿੱਚ ਉਹ 16 ਸਾਲਾਂ ਤੱਕ ਪੁਣੇ ਜ਼ਿਲ੍ਹਾ ਕੇਂਦਰੀ ਸਹਿਕਾਰੀ ਬੈਂਕ ਦੇ ਚੇਅਰਮੈਨ ਰਹੇ, ਜਿੱਥੇ ਉਨ੍ਹਾਂ ਨੇ ਪ੍ਰਸ਼ਾਸਨਿਕ ਪਕੜ ਅਤੇ ਸਹਿਕਾਰੀ ਅੰਦੋਲਨ ਵਿੱਚ ਮਜ਼ਬੂਤ ਪਾਈ।

1991 ਵਿੱਚ ਉਨ੍ਹਾਂ ਨੇ ਬਾਰਾਮਤੀ ਤੋਂ ਪਹਿਲੀ ਵਾਰ ਲੋਕ ਸਭਾ ਮੈਂਬਰ ਬਣੇ ਅਤੇ ਬਾਅਦ ਵਿੱਚ ਇਸ ਸੀਟ ਨੂੰ ਚਾਚਾ ਸ਼ਰਦ ਪਵਾਰ ਲਈ ਛੱਡ ਦਿੱਤਾ। ਉਹ ਬਾਰਾਮਤੀ ਵਿਧਾਨ ਸਭਾ ਹਲਕੇ ਤੋਂ ਲਗਾਤਾਰ ਸੱਤ ਵਾਰ ਵਿਧਾਇਕ ਚੁਣੇ ਗਏ (1991 ਬਾਈ-ਇਲੈਕਸ਼ਨ ਤੋਂ ਸ਼ੁਰੂ ਕਰਕੇ 2014 ਤੱਕ)।

ਅਜੀਤ ਪਵਾਰ ਨੇ ਮਹਾਰਾਸ਼ਟਰ ਵਿੱਚ ਸਭ ਤੋਂ ਵੱਧ 6 ਵਾਰ ਉਪ ਮੁੱਖ ਮੰਤਰੀ ਦਾ ਅਹੁੱਦਾ ਸੰਭਾਲਿਆ, ਜੋ ਇੱਕ ਰਿਕਾਰਡ ਹੈ। ਉਨ੍ਹਾਂ ਨੇ ਪ੍ਰਿਥਵੀਰਾਜ ਚਵਾਨ, ਉੱਧਵ ਠਾਕਰੇ, ਏਕਨਾਥ ਸ਼ਿੰਦੇ ਅਤੇ ਹਾਲ ਹੀ ਵਿੱਚ ਦੇਵੇਂਦਰ ਫਡਣਵੀਸ ਵਰਗੇ ਵੱਖ-ਵੱਖ ਮੁੱਖ ਮੰਤਰੀਆਂ ਨਾਲ ਕੰਮ ਕੀਤਾ। 2019 ਵਿੱਚ ਭਾਜਪਾ ਨਾਲ ਗਠਜੋੜ ਕਰਕੇ ਸਵੇਰੇ ਸਹੁੰ ਚੁੱਕਣ ਅਤੇ ਸਿਰਫ਼ 80 ਘੰਟਿਆਂ ਬਾਅਦ ਅਸਤੀਫਾ ਦੇਣ ਵਾਲਾ ਘਟਨਾਕ੍ਰਮ ਉਨ੍ਹਾਂ ਦੇ ਕਰੀਅਰ ਦਾ ਸਭ ਤੋਂ ਚਰਚਿਤ ਹਿੱਸਾ ਰਿਹਾ।

ਵਿੱਤ ਅਤੇ ਇਰੀਗੇਸ਼ਨ ਮੰਤਰੀ ਵਜੋਂ ਉਨ੍ਹਾਂ ਨੇ ਸੂਬੇ ਦਾ ਬਜਟ ਕਈ ਵਾਰ ਪੇਸ਼ ਕੀਤਾ ਅਤੇ ਕਿਸਾਨਾਂ ਲਈ ਵੱਡੇ ਫੈਸਲੇ ਲਏ। ਖਾਸ ਤੌਰ ‘ਤੇ ‘ਮਹਾਤਮਾ ਜੋਤੀਰਾਓ ਫੂਲੇ ਕਰਜ਼ਾ ਮੁਆਫ਼ੀ ਯੋਜਨਾ’ ਤਹਿਤ ਕਿਸਾਨਾਂ ਦੇ 2 ਲੱਖ ਰੁਪਏ ਤੱਕ ਦੇ ਕਰਜ਼ੇ ਮਾਫ਼ ਕਰਨ ਵਰਗਾ ਐਲਾਨ ਉਨ੍ਹਾਂ ਦੀ ਕਿਸਾਨ-ਹਿੱਤੈਸ਼ੀ ਨੀਤੀ ਨੂੰ ਦਰਸਾਉਂਦਾ ਹੈ। ਪੁਣੇ ਮੈਟਰੋ ਪ੍ਰੋਜੈਕਟ ਅਤੇ ਲੜਕੀਆਂ ਲਈ ਵਿਸ਼ੇਸ਼ ਯੋਜਨਾਵਾਂ ਵੀ ਉਨ੍ਹਾਂ ਦੀ ਦੂਰਅੰਦੇਸ਼ੀ ਦੀਆਂ ਮਿਸਾਲਾਂ ਹਨ।

2023 ਵਿੱਚ ਉਨ੍ਹਾਂ ਨੇ ਚਾਚਾ ਸ਼ਰਦ ਪਵਾਰ ਤੋਂ ਵੱਖ ਹੋ ਕੇ ਐਨਡੀਏ ਸਰਕਾਰ ਵਿੱਚ ਸ਼ਾਮਲ ਹੋਣ ਦੀ ਵੱਡੀ ਚਾਲ ਚੱਲੀ। 2024 ਵਿੱਚ ਚੋਣ ਕਮਿਸ਼ਨ ਨੇ ਉਨ੍ਹਾਂ ਦੇ ਧੜੇ ਨੂੰ ਅਸਲੀ ਐਨਸੀਪੀ ਮੰਨਦਿਆਂ ‘ਘੜੀ’ ਚੋਣ ਨਿਸ਼ਾਨ ਅਲਾਟ ਕੀਤਾ ਅਤੇ ਉਹ ਪਾਰਟੀ ਦੇ ਪ੍ਰਧਾਨ ਬਣ ਗਏ।

ਅਜੀਤ ਪਵਾਰ ਜ਼ਮੀਨੀ ਪੱਧਰ ‘ਤੇ ਲੋਕਾਂ ਨਾਲ ਜੁੜੇ ਰਹੇ ਅਤੇ ਆਪਣੇ ਪ੍ਰਸ਼ਾਸਨਿਕ ਤਜਰਬੇ, ਫੈਸਲੇ ਲੈਣ ਦੀ ਸਮਰੱਥਾ ਅਤੇ ਮਿਹਨਤ ਨਾਲ ਮਹਾਰਾਸ਼ਟਰ ਦੀ ਸਿਆਸਤ ਵਿੱਚ ‘ਪਾਵਰ ਹਾਊਸ’ ਵਜੋਂ ਜਾਣੇ ਜਾਂਦੇ ਸਨ। ਉਨ੍ਹਾਂ ਦੇ ਨਿਧਨ ਨਾਲ ਸੂਬੇ ਨੇ ਇੱਕ ਅਜਿਹੇ ਆਗੂ ਨੂੰ ਗੁਆ ਦਿੱਤਾ ਹੈ ਜਿਸ ਨੂੰ ਲੰਬੇ ਸਮੇਂ ਤੱਕ ਯਾਦ ਰੱਖਿਆ ਜਾਵੇਗਾ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਸਮੇਤ ਕਈ ਨੇਤਾਵਾਂ ਨੇ ਡੂੰਘਾ ਦੁੱਖ ਪ੍ਰਗਟ ਕੀਤਾ ਹੈ ਅਤੇ ਪਰਿਵਾਰ ਨਾਲ ਸੋਗ ਦੀ ਲਹਿਰ ਦੌੜ ਰਹੀ ਹੈ।