ਲੁਧਿਆਣਾ | ਬੀਤੇ ਮੰਗਲਵਾਰ ਨੂੰ ਲੁਧਿਆਣਾ ਅਦਾਲਤ ਦੇ ਬਾਹਰ ਲਾਇਸੈਂਸੀ ਪਿਸਤੌਲ ਨਾਲ ਗੋਲੀਆਂ ਚਲਾਈਆਂ ਗਈਆਂ। ਇਸ ਮਾਮਲੇ ਵਿੱਚ ਪੁਲਿਸ ਨੇ ਕਾਂਗਰਸੀ ਆਗੂ ਇੰਦਰਪਾਲ ਸਿੰਘ ਜੰਡੂ ਸਮੇਤ 8 ਵਿਅਕਤੀਆਂ ਨੂੰ ਨਾਮਜ਼ਦ ਕੀਤਾ ਹੈ। ਜੰਡੂ ਹਲਕਾ ਆਤਮਾ ਨਗਰ ਤੋਂ ਕਾਂਗਰਸੀ ਆਗੂ ਕਮਲਜੀਤ ਸਿੰਘ ਕੜਵਲ ਦੇ ਨਜ਼ਦੀਕੀ ਹਨ। ਪੁਲਿਸ ਨੇ ਇਸ ਮਾਮਲੇ ‘ਚ 6 ਲੋਕਾਂ ਨੂੰ ਗ੍ਰਿਫਤਾਰ ਕੀਤਾ ਹੈ।

2 ਗੁੱਟਾਂ ਵਿਚਕਾਰ ਹੋਈ ਹਿੰਸਕ ਝੜਪ ਤੋਂ ਬਾਅਦ ਅਦਾਲਤ ਦੇ ਚੌਗਿਰਦੇ ਵਿਚ ਵੀ ਹਫੜਾ-ਦਫੜੀ ਮੱਚ ਗਈ। ਇਸ ਝੜਪ ਵਿੱਚ 2 ਵਿਅਕਤੀ ਜ਼ਖ਼ਮੀ ਹੋ ਗਏ, ਜਿਸ ਵਿੱਚ ਇੱਕ ਵਿਅਕਤੀ ਦੀ ਛਾਤੀ ਅਤੇ ਪਿੱਠ ‘ਤੇ ਗੋਲੀ ਲੱਗੀ, ਜਦਕਿ ਦੂਜੇ ਦੇ ਹੱਥ ‘ਤੇ ਸੱਟ ਲੱਗੀ।

ਦੋਵੇਂ ਧਿਰਾਂ ਫਰਵਰੀ 2020 ਵਿੱਚ ਮਾਡਲ ਟਾਊਨ ਥਾਣੇ ਵਿੱਚ ਦਰਜ ਕੇਸ ਦੀ ਸੁਣਵਾਈ ਲਈ ਅਦਾਲਤ ਵਿੱਚ ਆਈਆਂ ਸਨ। ਅਦਾਲਤ ਦੇ ਪਿੱਛੇ ਵਾਲੀ ਗਲੀ ਵਿੱਚ ਦੋਵਾਂ ਧਿਰਾਂ ਵਿੱਚ ਲੜਾਈ ਹੋ ਗਈ, ਜਿਸ ਤੋਂ ਬਾਅਦ ਮਾਮਲਾ ਗੋਲੀਬਾਰੀ ਤੱਕ ਪਹੁੰਚ ਗਿਆ। ਜ਼ਖਮੀਆਂ ਦੀ ਪਛਾਣ ਜਸਪ੍ਰੀਤ ਸਿੰਘ ਉਰਫ ਸਾਹਿਲ ਅਤੇ ਹਿਮਾਂਸ਼ੂ ਵਜੋਂ ਹੋਈ ਹੈ।

ਗੋਲੀਬਾਰੀ ਤੋਂ ਬਾਅਦ 2 ਲੋਕਾਂ ਨੂੰ ਮੌਕੇ ‘ਤੇ ਹੀ ਪੁਲਿਸ ਨੇ ਹਿਰਾਸਤ ‘ਚ ਲੈ ਲਿਆ, ਜਦਕਿ ਬਾਕੀ ਭੱਜਣ ‘ਚ ਕਾਮਯਾਬ ਹੋ ਗਏ। ਪੁਲਿਸ ਨੇ ਪੂਰੇ ਇਲਾਕੇ ਨੂੰ ਸੀਲ ਕਰ ਦਿੱਤਾ ਹੈ। ਪੁਲਿਸ ਨੇ ਮੌਕੇ ਤੋਂ ਗੋਲੀਆਂ ਦੇ ਖੋਲ ਵੀ ਬਰਾਮਦ ਕੀਤੇ ਹਨ। ਪੁਲਿਸ ਨੇ ਇਸ ਮਾਮਲੇ ਵਿੱਚ ਮਨਜਿੰਦਰ ਭੱਲਾ ਉਰਫ਼ ਮਨੀ, ਗੁਰਚਰਨ ਸਿੰਘ ਉਰਫ਼ ਰਿੰਕੂ, ਮਸਤਾਨ ਉਰਫ਼ ਰੈਂਬੋ, ਦੀਪ ਉਰਫ਼ ਸੁਖਦੀਪ, ਲਵਦੀਪ ਅਤੇ ਸ਼ਮਸ਼ੇਰ ਸਿੰਘ ਉਰਫ਼ ਭੋਲਾ ਨੂੰ ਗ੍ਰਿਫ਼ਤਾਰ ਕੀਤਾ ਹੈ।

ਸੰਯੁਕਤ ਕਮਿਸ਼ਨਰ ਸੌਮਿਆ ਮਿਸ਼ਰਾ ਨੇ ਦੱਸਿਆ ਕਿ ਮੁਲਜ਼ਮਾਂ ਵਿੱਚੋਂ ਇੱਕ ਕੋਲ ਲਾਇਸੈਂਸੀ ਰਿਵਾਲਵਰ ਸੀ, ਜਿਸ ਤੋਂ ਗੋਲੀਆਂ ਚਲਾਈਆਂ ਗਈਆਂ। ਥਾਣਾ ਮਾਡਲ ਟਾਊਨ ਵਿੱਚ ਦਰਜ ਕੇਸ ਵਿੱਚ ਸ਼ਿਕਾਇਤਕਰਤਾ ਗੁਰਚਰਨ ਦੇ ਬਿਆਨ ਅਦਾਲਤ ਵਿੱਚ ਲਏ ਜਾਣੇ ਸਨ। ਗ੍ਰਿਫ਼ਤਾਰ ਕੀਤੇ ਗਏ ਛੇ ਮੁਲਜ਼ਮਾਂ ਖ਼ਿਲਾਫ ਕੇਸ ਦਰਜ ਕੀਤਾ ਗਿਆ ਹੈ।